ਇਸਲਾਮਾਬਾਦ : ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੇ ਪਹਿਲੇ ਹੀ ਭਾਸ਼ਣ ’ਚ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ’ਚੋਂ ਧਾਰਾ 370 ਨੂੰ ਖ਼ਤਮ ਕਰਨ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਕਿ ਘਾਟੀ ਵਿਚ ਲੋਕਾਂ ਦਾ ‘ਖੂਨ ਵਹਿ’ ਰਿਹਾ ਹੈ ਅਤੇ ਪਾਕਿਸਤਾਨ ਉਨ੍ਹਾਂ ਨੂੰ “ਕੂਟਨੀਤਕ ਅਤੇ ਨੈਤਿਕ ਸਮਰਥਨ” ਦੇਣ ਦੇ ਨਾਲ-ਨਾਲ ਹਰ ਅੰਤਰਰਾਸ਼ਟਰੀ ਮੰਚ ’ਤੇ ਇਹ ਮੁੱਦਾ ਉਠਾਇਆ ਜਾਵੇਗਾ। ਇਮਰਾਨ ਖਾਨ ਦੀ ਥਾਂ ਲੈਣ ਵਾਲੇ 70 ਸਾਲਾ ਨੇਤਾ ਨੇ ਕਿਹਾ ਕਿ ਉਹ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਨ ਪਰ ਕਸ਼ਮੀਰ ਮੁੱਦੇ ਦੇ ਹੱਲ ਤੋਂ ਬਿਨਾਂ ਇਸ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਆਂਢੀ ਪਸੰਦ ਦੀ ਗੱਲ ਨਹੀਂ ਹੈ, ਇਹ ਅਜਿਹੀ ਚੀਜ਼ ਹੈ, ਜਿਸ ਨਾਲ ਸਾਨੂੰ ਰਹਿਣਾ ਪੈਂਦਾ ਹੈ ਅਤੇ ਬਦਕਿਸਮਤੀ ਨਾਲ ਭਾਰਤ ਦੇ ਨਾਲ ਪਾਕਿਸਤਾਨ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਨਹੀਂ ਰਹੇ। ਉਨ੍ਹਾਂ ਨੇ ਅਗਸਤ 2019 ’ਚ ਭਾਰਤ ਵੱਲੋਂ ਧਾਰਾ 370 ਨੂੰ ਰੱਦ ਕਰਨ ਬਾਰੇ "ਗੰਭੀਰ ਅਤੇ ਕੂਟਨੀਤਕ ਯਤਨ" ਨਾ ਕਰਨ ਲਈ ਖਾਨ ’ਤੇ ਹਮਲਾ ਕੀਤਾ।
ਇਹ ਵੀ ਪੜ੍ਹੋ : PM ਮੋਦੀ ਨੇ ਟਵੀਟ ਕਰ ਪਾਕਿਸਤਾਨ ਦੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਨੂੰ ਦਿੱਤੀ ਵਧਾਈ
ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਅਗਸਤ 2019 'ਚ ਜਦੋਂ ਜ਼ਬਰਦਸਤੀ ਘੇਰਾਬੰਦੀ ਕੀਤੀ ਗਈ ਅਤੇ ਧਾਰਾ 370 ਨੂੰ ਰੱਦ ਕੀਤਾ ਗਿਆ, ਤਾਂ ਅਸੀਂ ਕਿਹੜੀ ਗੰਭੀਰ ਕੋਸ਼ਿਸ਼ ਕੀਤੀ, ਅਸੀਂ ਕਿਹੜੀ ਗੰਭੀਰ ਕੂਟਨੀਤੀ ਦੀ ਕੋਸ਼ਿਸ਼ ਕੀਤੀ। ਕਸ਼ਮੀਰੀਆਂ ਦਾ ਖੂਨ ਕਸ਼ਮੀਰ ਦੀਆਂ ਸੜਕਾਂ ’ਤੇ ਵਹਿ ਰਿਹਾ ਹੈ ਅਤੇ ਕਸ਼ਮੀਰ ਘਾਟੀ ਉਨ੍ਹਾਂ ਦੇ ਖੂਨ ਨਾਲ ਲਾਲ ਹੈ। ਉਨ੍ਹਾਂ ਨੇ ਭਾਰਤ ਨਾਲ ਬਿਹਤਰ ਸਬੰਧਾਂ ਦੀ ਇੱਛਾ ਪ੍ਰਗਟਾਈ ਪਰ ਇਸ ਨੂੰ ਕਸ਼ਮੀਰ ਮੁੱਦੇ ਨਾਲ ਜੋੜ ਦਿੱਤਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਾਂ ਪਰ ਜਦੋਂ ਤੱਕ ਕਸ਼ਮੀਰ ਵਿਵਾਦ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸਥਾਈ ਸ਼ਾਂਤੀ ਮੁਮਕਿਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨੂੰ ਸਿਆਸੀ, ਕੂਟਨੀਤਕ ਅਤੇ ਨੈਤਿਕ ਸਮਰਥਨ ਦੇਣਾ ਜਾਰੀ ਰੱਖੇਗਾ। ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਸੀਂ ਕਸ਼ਮੀਰੀ ਭੈਣਾਂ-ਭਰਾਵਾਂ ਲਈ ਹਰ ਪਲੇਟਫਾਰਮ ’ਤੇ ਆਵਾਜ਼ ਉਠਾਵਾਂਗੇ, ਕੂਟਨੀਤਕ ਯਤਨ ਕਰਾਂਗੇ, ਉਨ੍ਹਾਂ ਨੂੰ ਕੂਟਨੀਤਕ ਸਮਰਥਨ ਦੇਵਾਂਗੇ। ਅਸੀਂ ਉਨ੍ਹਾਂ ਨੂੰ ਨੈਤਿਕ ਸਮਰਥਨ ਦੇਵਾਂਗੇ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਦੋਵੇਂ ਦੇਸ਼ ਸਰਹੱਦ ਦੇ ਦੋਵੇਂ ਪਾਸੇ ਗਰੀਬੀ, ਬੇਰੁਜ਼ਗਾਰੀ, ਦਵਾਈਆਂ ਦੀ ਕਮੀ ਅਤੇ ਹੋਰ ਮੁੱਦਿਆਂ ਨਾਲ ਨਜਿੱਠਣ ’ਤੇ ਧਿਆਨ ਕੇਂਦਰਿਤ ਕਰ ਸਕਣ। 2016 ’ਚ ਪਠਾਨਕੋਟ ਏਅਰਫੋਰਸ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਵਿਗੜ ਗਏ ਸਨ। ਇਸ ਤੋਂ ਬਾਅਦ ਉੜੀ ’ਚ ਭਾਰਤੀ ਫੌਜ ਦੇ ਕੈਂਪ ’ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਰਿਸ਼ਤੇ ਹੋਰ ਵਿਗੜੇ। ਅਗਸਤ 2019 ’ਚ ਭਾਰਤ ਨੇ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਦਾ ਐਲਾਨ ਕੀਤਾ। ਇਸ ਨਾਲ ਰਿਸ਼ਤੇ ਹੋਰ ਵਿਗੜ ਗਏ। ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਘਟਾ ਦਿੱਤਾ ਅਤੇ ਇਸਲਾਮਾਬਾਦ ਤੋਂ ਭਾਰਤੀ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ। ਇਸ ਨੇ ਭਾਰਤ ਦੇ ਨਾਲ ਸਾਰੇ ਹਵਾਈ ਅਤੇ ਜ਼ਮੀਨੀ ਸੰਪਰਕ ਵੀ ਤੋੜ ਦਿੱਤੇ ਅਤੇ ਵਪਾਰ ਤੇ ਰੇਲਵੇ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ। ਭਾਰਤ ਨੇ ਕਿਹਾ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਪਾਕਿਸਤਾਨ ਨਾਲ ਆਮ ਗੁਆਂਢੀ ਵਾਲੇ ਰਿਸ਼ਤੇ ਚਾਹੁੰਦਾ ਹੈ। ਭਾਰਤ ਨੇ ਕਿਹਾ ਹੈ ਕਿ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ।
PM ਮੋਦੀ ਨੇ ਟਵੀਟ ਕਰ ਪਾਕਿਸਤਾਨ ਦੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਨੂੰ ਦਿੱਤੀ ਵਧਾਈ
NEXT STORY