ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਅੰਤਰਰਾਸ਼ਟਰੀ ਪੱਧਰ ’ਤੇ ਉਪਲੱਬਧ ਵਧੀਆ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਦੇਸ਼ ਵਿਚ ਨਵੀਂ ਜਨਗਣਨਾ ਅਤੇ ਰਿਹਾਇਸ਼ੀ ਜਨਗਣਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਸਾਲ 2017 ਵਿਚ ਹੋਈ ਜਨਗਣਨਾ ਦੇ ਨਤੀਜਿਆਂ ਵਿਚ ਗੜਬੜੀ ਦੇ ਮੱਦੇਨਜ਼ਰ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਿਚ ਸਮਾਨ ਹਿੱਤ ਪ੍ਰੀਸ਼ਦ (ਸੀ.ਸੀ.ਆਈ.) ਦੀ 49ਵੀਂ ਮੀਟਿੰਗ ਹੋਈ, ਜਿਸ ਵਿਚ 7ਵੀਂ ਜਨਗਣਨਾ ਅਤੇ ਰਿਹਾਇਸ਼ੀ ਜਨਗਣਨਾ ਕਰਵਾਉਣ ਅਤੇ ਜਨਗਣਨਾ ਨਿਗਰਾਨੀ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਲਿਆ ਗਿਆ।
ਜਨਗਣਨਾ ਸਲਾਹਕਾਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਸੀ.ਸੀ.ਆਈ. ਨੇ ਬਿਹਤਰੀਨ ਅੰਤਰਰਾਸ਼ਟਰੀ ਤਰੀਕਿਆਂ, ਡਿਜੀਟਲ ਤਕਨਾਲੋਜੀ ਅਤੇ ਜੀ.ਆਈ.ਐਸ. ਨਿਗਰਾਨੀ ਪ੍ਰਣਾਲੀ ਦੀ ਵਰਤੋਂ ਕਰਕੇ ਜਨਗਣਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿਚ ਦੱਸਿਆ ਗਿਆ ਕਿ ਜਨਗਣਨਾ ਤੋਂ ਪਹਿਲਾਂ ਘਰਾਂ ਦੀ ਗਣਨਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 1998 ਤੋਂ ਬਾਅਦ ਦੇਸ਼ ਵਿਚ 2017 ਵਿਚ ਜਨਗਣਨਾ ਕਰਵਾਈ ਗਈ ਸੀ ਪਰ ਇਸ ਦੇ ਨਤੀਜਿਆਂ ਨੂੰ ਲੈ ਕੇ ਵਿਵਾਦਾਂ ਕਾਰਨ ਇਸ ਨੂੰ ਅਧਿਕਾਰਤ ਤੌਰ ’ਤੇ ਕਦੇ ਸਾਂਝਾ ਨਹੀਂ ਕੀਤਾ ਗਿਆ ਸੀ। ਕਈ ਸਮੂਹ ਦੇਸ਼ ਵਿਚ ਨਵੀਂ ਜਨਗਣਨਾ ਦੀ ਮੰਗ ਕਰ ਰਹੇ ਸਨ। 2017 ਦੀ ਜਨਗਣਨਾ ਅਨੁਸਾਰ ਦੇਸ਼ ਦੀ ਕੁੱਲ ਆਬਾਦੀ 20.78 ਕਰੋੜ ਸੀ, ਜਦੋਂ ਕਿ ਸਾਲਾਨਾ ਵਿਕਾਸ ਦਰ 2.4 ਫੀਸਦੀ ਦੱਸੀ ਗਈ ਸੀ।
ਕੈਨੇਡਾ: ਕੋਰੋਨਾ ਦੇ ਖ਼ੌਫ਼ ਦੌਰਾਨ ਅਦਾਲਤ ਦਾ ਸਖ਼ਤ ਫ਼ੈਸਲਾ, ਪਿਓ-ਪੁੱਤ ਦੇ ਮਿਲਣ 'ਤੇ ਲਾਈ ਰੋਕ
NEXT STORY