ਇਸਲਾਮਾਬਾਦ- ਪਾਕਿਸਤਾਨ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 6,500 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਥੇ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 'ਗੈਰ-ਜ਼ਿੰਮੇਦਾਰਾਨਾ ਰਵੱਈਆ' ਅਪਣਾਉਣ ਤੇ ਬੀਮਾਰੀ ਨੂੰ ਰੋਕਣ ਦੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਰੇ ਸੁਪਰੀਮ ਕੋਰਟ ਨੂੰ ਜਾਣਕਾਰੀ ਦੇਣ ਵਿਚ ਅਸਫਲ ਰਹਿਣ ਦੇ ਲਈ ਆਪਣੇ ਸਿਹਤ ਸਲਾਹਕਾਰ ਦੀ ਕਲਾਸ ਵੀ ਲਾਈ ਹੈ।
ਚੋਟੀ ਦੀ ਅਦਾਲਤ ਨੇ ਮੰਗਲਵਾਰ ਨੂੰ ਮਹਾਮਾਰੀ ਨਾਲ ਨਿਪਟਣ ਵਿਚ ਅਸਫਲ ਰਹਿਣ ਦੇ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਿਹਤ ਸਲਾਹਕਾਰ ਨੂੰ ਡਾ. ਜ਼ਫਰ ਮਿਰਜ਼ਾ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ। ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਖਾਨ ਨੇ ਅਦਾਲਤ ਦੇ ਸਾਹਮਣੇ ਹਾਲ ਦੀ ਪੇਸ਼ੀ ਦੌਰਾਨ ਗੈਰ-ਜ਼ਿੰਮੇਦਾਰਾਨਾ ਰਵੱਈਏ ਦੇ ਲਈ ਮਰਜ਼ਾ ਨੂੰ ਫਟਕਾਰ ਲਾਈ। ਕੈਬਨਿਟ ਦੀ ਕਾਰਵਾਈ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਖਾਨ ਨੇ ਕਿਹਾ ਕਿ ਉਹਨਾਂ ਦੇ ਸਲਾਹਕਾਰ ਦੇਸ਼ ਵਿਚ ਇਸ ਬੀਮਾਰੀ ਨੂੰ ਹਰਾਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਦੇ ਬਾਰੇ ਵਿਚ ਚੋਟੀ ਦੀ ਅਦਾਲਤ ਨੂੰ ਜਾਣਕਾਰੀ ਦੇਣ ਵਿਚ ਅਸਫਲ ਰਹੇ ਹਨ। ਮਿਰਜ਼ਾ ਨੂੰ ਸੂਬਾ ਮੰਤਰੀ ਦਾ ਦਰਜਾ ਮਿਲਿਆ ਹੋਇਆ ਹੈ ਤੇ ਉਹਨਾਂ ਨੂੰ ਪਿਛਲੇ ਸਾਲ ਸਿਹਤ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਗਿਆ ਸੀ। ਦੇਸ਼ ਵਿਚ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਵਿਚ ਅਸਫਲ ਰਹਿਣ ਨੂੰ ਲੈ ਕੇ ਸਿਹਤ ਮੰਤਰੀ ਅਮੀਰ ਕਯਾਨੀ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਮਿਰਜ਼ਾ ਨੂੰ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਸਿਹਤ ਸਹਾਇਕ ਨਿਯੁਕਤ ਕੀਤਾ ਗਿਆ ਸੀ। ਮਿਰਜ਼ਾ ਨੂੰ ਹਟਾਉਣਾ ਇਮਰਾਨ ਸਰਕਾਰ ਦੇ ਲਈ ਇਕ ਵੱਡਾ ਝਟਕਾ ਸਾਬਿਤ ਹੋਵੇਗਾ ਕਿਉਂਕਿ ਉਹ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਪਾਕਿਸਤਾਨ ਦੀ ਅਗਵਾਈ ਕਰ ਰਹੇ ਹਨ ਤੇ ਇਸ ਸਬੰਧ ਵਿਚ ਚੁੱਕੇ ਜਾ ਰਹੇ ਕਦਮਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹਨ।
ਇਸੇ ਵਿਚਾਲੇ ਪਾਕਿਸਤਾਨ ਵਿਚ ਇਸ ਵਾਇਰਸ ਦੇ ਹੁਣ ਤੱਕ 6505 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 124 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹਨਾਂ ਵਿਚੋਂ 17 ਲੋਕਾਂ ਦੀ ਮੌਤ ਬੀਤੇ 24 ਘੰਟਿਆਂ ਦੌਰਾਨ ਹੋਈ ਹੈ। ਪਾਕਿਸਤਾਨ ਦਾ ਪੰਜਾਬ ਸੂਬਾ ਇਸ ਜਾਨਲੇਵਾ ਬੀਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ, ਜਿਥੇ ਹੁਣ ਤੱਕ ਵਾਇਰਸ ਦੇ 3,217 ਮਾਮਲੇ ਦਰਜ ਕੀਤੇ ਗਏ ਹਨ।
ਕੋਰੋਨਾ ਕਾਰਣ ਵਧਦੇ ਮੌਤਾਂ ਦੇ ਅੰਕੜੇ ਦੇ ਮੱਦੇਨਜ਼ਰ ਲਾਕਡਾਊਨ ਵਧਾਉਣ ਦੀ ਤਿਆਰੀ 'ਚ ਬ੍ਰਿ੍ਟੇਨ
NEXT STORY