ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਤੁਰਕਮੇਨਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਨਾਲ ਵੱਧਦੇ ਤਣਾਅ ਦਾ 'ਤਾਪੀ ਗੈਸ ਪਾਈਪਲਾਈਨ ਪ੍ਰਾਜੈਕਟ' 'ਤੇ ਕੋਈ ਅਸਰ ਨਹੀਂ ਪਵੇਗਾ। ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਾਲੇ ਕਸ਼ਮੀਰ ਨੂੰ ਲੈ ਕੇ ਪੈਦਾ ਹੋਏ ਤਣਾਅ ਕਾਰਨ 10 ਅਰਬ ਡਾਲਰ ਦੇ ਪ੍ਰਾਜੈਕਟ ਦੇ ਭਵਿੱਖ 'ਤੇ ਸ਼ੱਕ ਜ਼ਾਹਰ ਕੀਤੇ ਜਾਣ ਦੇ ਬਾਅਦ ਐਤਵਾਰ ਨੂੰ ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚ ਪੈਦਾ ਹੋਏ ਤਣਾਅ ਦੇ ਬਾਅਦ ਕੁਝ ਪਾਕਿਸਤਾਨੀ ਮਾਹਰਾਂ ਨੇ ਤੁਰਕਮੇਨਿਸਤਾਨ-ਅਫਗਾਨਿਸਤਾਨ-ਪਾਕਿਸਤਾਨ-ਭਾਰਤ (ਤਾਪੀ) ਗੈਸ ਪਾਈਪਲਾਈਨ ਅਤੇ ਹੋਰ ਪ੍ਰਾਜੈਕਟਾਂ ਦੇ ਭਵਿੱਖ 'ਤੇ ਸ਼ੱਕ ਜ਼ਾਹਰ ਕੀਤਾ ਸੀ।
ਇਕ ਅੰਗਰੇਜ਼ੀ ਅਖਬਾਰ ਨੇ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ,''ਪਾਕਿਸਤਾਨ ਨੇ ਤੁਰਕਮੇਨਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਨਾਲ ਵੱਧਦੇ ਤਣਾਅ ਦਾ ਪ੍ਰਭਾਵ ਇਸ ਵੱਡੇ ਪ੍ਰਾਜੈਕਟ 'ਤੇ ਨਹੀਂ ਪਵੇਗਾ।'' ਤਾਪੀ ਪ੍ਰਾਜੈਕਟ ਵਿਚ ਦੱਖਣੀ ਅਤੇ ਮੱਧ ਏਸ਼ੀਆ ਖੇਤਰਾਂ ਨੂੰ ਗੈਸ ਪਾਈਪਲਾਈਨ ਦੇ ਜ਼ਰੀਏ ਜੋੜਨ ਦਾ ਪ੍ਰੋਗਰਾਮ ਹੈ ਅਤੇ ਇਸ ਜ਼ਰੀਏ ਦੱਖਣੀ ਏਸ਼ੀਆ ਵਿਚ ਊਰਜਾ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਨਾ ਹੈ।
ਤਾਪੀ ਪ੍ਰਾਜੈਕਟ ਦੇ ਤਹਿਤ ਗੈਸ ਪਾਈਪਲਾਈਨ ਯੁੱਧ ਪੀੜਤ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚੋਂ ਲੰਘਦੇ ਹੋਏ ਭਾਰਤ ਪਹੁੰਚੇਗੀ। ਇਹ ਪ੍ਰਾਜੈਕਟ ਖੇਤਰ ਵਿਚ ਆਰਥਿਕ ਗਤੀਵਿਧੀਆਂ ਨੂੰ ਵਧਾਵਾ ਦੇਣ ਦੇ ਨਾਲ-ਨਾਲ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰੇਗਾ। ਇਸ ਪ੍ਰਾਜੈਕਟ ਵਿਚ ਦੋਵੇਂ ਖੇਤਰ ਸੜਕ, ਰੇਲ ਅਤੇ ਫਾਈਬਰ ਕੇਬਲ ਨੈੱਟਵਰਕ ਨਾਲ ਜੁੜਨਗੇ। ਅਧਿਕਾਰੀਆਂ ਨੇ ਦੱਸਿਆ ਕਿ ਤੁਰਕਮੇਨਿਸਤਾਨ ਵਿਚ ਨਿਰਮਾਣ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਜਲਦੀ ਹੀ ਤੁਰਕਮਾਨ-ਅਫਗਾਨ ਸੀਮਾ ਤੋਂ ਹੇਰਾਤ ਖੇਤਰ ਤੱਕ ਇਸ ਦੇ ਸ਼ੁਰੂ ਹੋਣ ਦੀ ਆਸ ਹੈ। ਪਾਕਿਸਤਾਨ ਵਿਚ ਸਾਲ 2020 ਦੀ ਪਹਿਲੀ ਤਿਮਾਹੀ ਵਿਚ ਨਿਰਮਾਣ ਗਤੀਵਿਧੀਆਂ ਦੇ ਸ਼ੁਰੂ ਹੋਣ ਦੀ ਆਸ ਹੈ।
ਪਹਿਲਾ ਪੱਗੜੀਧਾਰੀ ਸਿੱਖ ਨਾਰਵੇ ਵਿਚ ਬਣਿਆ ਕੌਂਸਲਰ
NEXT STORY