ਨਵੀਂ ਦਿੱਲੀ: ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਚੱਲ ਰਹੀ ਮੌਜੂਦਾ ਸਥਿਤੀ ਅਤੇ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਅਹਿਮ ਫੈਸਲਾ ਲਿਆ ਹੈ।
ਬੋਰਡ ਵੱਲੋਂ ਜਾਰੀ ਅਧਿਕਾਰਤ ਸਰਕੂਲਰ ਅਨੁਸਾਰ, ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) 'ਚ ਸਥਿਤ ਸੀ.ਬੀ.ਐੱਸ.ਈ. ਨਾਲ ਸਬੰਧਤ ਸਕੂਲਾਂ ਵਿੱਚ 12 ਮਾਰਚ 2026 (ਵੀਰਵਾਰ) ਤੋਂ 16 ਮਾਰਚ 2026 (ਸੋਮਵਾਰ) ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਟਾਲ ਦਿੱਤਾ ਗਿਆ ਹੈ।
ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਨੂੰ ਰੱਖਿਆ ਧਿਆਨ 'ਚ
ਬੋਰਡ ਨੇ ਦੱਸਿਆ ਕਿ ਖੇਤਰ ਦੀ ਮੌਜੂਦਾ ਸਥਿਤੀ ਦੀ ਗੰਭੀਰ ਸਮੀਖਿਆ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਵਿਦਿਆਰਥੀ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਹਨ। ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਮੁੱਖ ਰੱਖਦੇ ਹੋਏ, ਬੋਰਡ ਨੇ ਇਨ੍ਹਾਂ ਤਾਰੀਖਾਂ ਵਿਚਾਲੇ ਹੋਣ ਵਾਲੇ ਪੇਪਰਾਂ ਨੂੰ ਫਿਲਹਾਲ ਰੋਕ ਦਿੱਤਾ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਨਵੀਆਂ ਤਾਰੀਖਾਂ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।
14 ਮਾਰਚ ਨੂੰ ਹੋਵੇਗੀ ਮੁੜ ਸਮੀਖਿਆ
ਸੀ.ਬੀ.ਐੱਸ.ਈ. ਪ੍ਰੀਖਿਆ ਕੰਟਰੋਲਰ ਡਾ. ਸੰਯਮ ਭਾਰਦਵਾਜ ਅਨੁਸਾਰ, ਬੋਰਡ 14 ਮਾਰਚ 2026 (ਸ਼ਨੀਵਾਰ) ਨੂੰ ਸਥਿਤੀ ਦੀ ਮੁੜ ਸਮੀਖਿਆ ਕਰੇਗਾ। ਇਸ ਸਮੀਖਿਆ ਤੋਂ ਬਾਅਦ ਹੀ 16 ਮਾਰਚ ਤੋਂ ਬਾਅਦ ਹੋਣ ਵਾਲੀਆਂ ਬਾਕੀ ਪ੍ਰੀਖਿਆਵਾਂ ਬਾਰੇ ਕੋਈ ਉਚਿਤ ਫੈਸਲਾ ਲਿਆ ਜਾਵੇਗਾ।
ਵਿਦਿਆਰਥੀਆਂ ਲਈ ਹਦਾਇਤਾਂ
ਬੋਰਡ ਨੇ ਸਾਰੇ ਪ੍ਰਭਾਵਿਤ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਾਜ਼ਾ ਜਾਣਕਾਰੀ ਅਤੇ ਅਪਡੇਟਸ ਲਈ ਆਪਣੇ ਸਬੰਧਤ ਸਕੂਲਾਂ ਦੇ ਸੰਪਰਕ ਵਿੱਚ ਰਹਿਣ ਅਤੇ ਬੋਰਡ ਵੱਲੋਂ ਕੀਤੇ ਜਾਣ ਵਾਲੇ ਅਧਿਕਾਰਤ ਐਲਾਨਾਂ ਨੂੰ ਧਿਆਨ ਨਾਲ ਫਾਲੋ ਕਰਨ। ਇਸ ਫੈਸਲੇ ਦੀ ਜਾਣਕਾਰੀ ਮੱਧ ਪੂਰਬੀ ਦੇਸ਼ਾਂ ਵਿੱਚ ਤਾਇਨਾਤ ਭਾਰਤੀ ਰਾਜਦੂਤਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਵਿੱਚ ਬੰਦ ਹੋ ਸਕਦਾ ਇੰਟਰਨੈਟ, ਕਈ ਮਹੀਨੇ ਰਹਿ ਸਕਦਾ ਠੱਪ! ਜੰਗ ਕਾਰਨ ਵਧੀ ਚਿੰਤਾ
NEXT STORY