ਕਰਾਚੀ (ਬਿਊਰੋ): ਪਾਕਿਸਤਾਨ ਵਿਚ ਸਿੰਧ ਹਾਈ ਕੋਰਟ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਾਤਲ ਅੱਤਵਾਦੀ ਅਹਿਮਦ ਉਮਰ ਸ਼ੇਖ, ਫਹਾਦ ਨਸੀਮ, ਸਈਦ ਸਲਮਾਨ ਸਾਕਿਬ ਅਤੇ ਸ਼ੇਖ ਮੁਹੰਮਦ ਆਦਿਲ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਵਾਲ ਸਟ੍ਰੀਟ ਜਨਰਲ ਦੇ ਪੱਤਰਕਾਰ ਡੈਨੀਅਲ ਪਰਲ ਕਤਲਕਾਂਡ ਦੀ ਸੁਣਵਾਈ ਕਰਦਿਆਂ ਸਿੰਧ ਹਾਈ ਕੋਰਟ ਨੇ ਕਿਹਾ ਕਿ ਚਾਰੇ ਅੱਤਵਾਦੀਆਂ ਨੂੰ ਜੇਲ੍ਹ ਵਿਚ ਰੱਖਣਾ ਗੈਰ ਕਾਨੂੰਨੀ ਹੈ। ਇੱਥੇ ਦੱਸ ਦਈਏ ਕਿ ਉਮਰ ਸ਼ੇਖ ਉਹੀ ਕਾਤਲ ਹੈ ਜਿਸ ਨੂੰ ਭਾਰਤ ਨੇ ਸਾਲ 1999 ਵਿਚ ਕੰਧਾਰ ਵਿਚ ਏਅਰ ਇੰਡੀਆ ਦੇ ਜਹਾਜ਼ ਨੂੰ ਛੱਡਣ ਦੇ ਬਦਲੇ ਰਿਹਾਅ ਕੀਤਾ ਸੀ। ਉਮਰ ਸ਼ੇਖ ਨੂੰ ਛੱਡਣ ਦਾ ਇਹ ਫ਼ੈਸਲਾ ਆਈ.ਐੱਸ.ਆਈ. ਦੀ ਚਾਲ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ 2 ਅਪ੍ਰੈਲ, 2020 ਨੂੰ ਹਾਈ ਕੋਰਟ ਨੇ 18 ਸਾਲ ਦੀ ਸਜ਼ਾ ਦੇ ਬਾਅਦ ਇਹਨਾਂ ਅੱਤਵਾਦੀਆਂ ਦੀ ਅਪੀਲ 'ਤੇ ਸੁਣਵਾਈ ਕੀਤੀ ਸੀ ਅਤੇ ਸ਼ੇਖ, ਸਾਕਿਬ ਅਤੇ ਨਸੀਮ ਨੂੰ ਬਰੀ ਕਰ ਦਿੱਤਾ। ਕੋਰਟ ਨੇ ਸ਼ੇਖ ਦੀ ਮੌਤ ਦੀ ਸਜ਼ਾ ਨੂੰ 7 ਸਾਲ ਦੀ ਜੇਲ੍ਹ ਵਿਚ ਬਦਲ ਦਿੱਤਾ ਅਤੇ ਉਸ 'ਤੇ 20 ਲੱਖ ਪਾਕਿਸਤਾਨੀ ਰੁਪਈਆਂ ਦਾ ਜੁਰਮਾਨਾ ਲਗਾਇਆ ਸੀ। ਉਮਰ ਸ਼ੇਖ ਨੇ ਪਹਿਲਾਂ ਹੀ 18 ਸਾਲ ਜੇਲ੍ਹ ਵਿਚ ਬਿਤਾਏ ਹਨ ਅਤੇ ਉਸ ਦੀ ਸੱਤ ਸਾਲ ਦੀ ਸਜ਼ਾ ਪੂਰੀ ਹੋ ਚੁੱਕੀ ਹੈ।
ਕੋਰਟ ਦੇ ਫ਼ੈਸਲੇ ਦੀ ਆਲੋਚਨਾ
ਅੰਤਰਰਾਸ਼ਟਰੀ ਦਬਾਅ ਦੇ ਬਾਅਦ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਕੋਰਟ ਤੋਂ ਬਰੀ ਹੋਣ ਦੇ ਬਾਅਦ ਵੀ ਉਮਰ ਸ਼ੇਖ ਨੂੰ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਹਿਰਾਸਤ ਵਿਚ ਰੱਖਿਆ ਹੋਇਆ ਹੈ। ਸਿੰਧ ਹਾਈ ਕੋਰਟ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਇਹਨਾਂ ਅੱਤਵਾਦੀਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਦੇ ਨਾਮ ਨੂੰ 'ਨੋ ਫਲਾਈ ਲਿਸਟ' ਵਿਚ ਰੱਖਿਆ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕਣ। ਜੱਜ ਨੇ ਕਿਹਾ ਕਿ ਇਹ ਲੋਕ ਬਿਨਾਂ ਅਪਰਾਧ ਕੀਤੇ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਫਰਾਂਸ-ਬ੍ਰਿਟੇਨ ਸਰਹੱਦ 'ਤੇ ਫਸੇ ਟਰੱਕ ਡਰਾਈਵਰਾਂ ਨੂੰ ਸਿੱਖ ਭਾਈਚਾਰੇ ਨੇ ਖਵਾਇਆ ਭੋਜਨ
ਉਮਰ ਸ਼ੇਖ ਨੂੰ ਬਰੀ ਕਰਨ ਦੇ ਕੋਰਟ ਦੇ ਇਸ ਫ਼ੈਸਲੇ ਦੀ ਕਾਫੀ ਆਲੋਚਨਾ ਹੋਈ ਸੀ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇਸ ਫ਼ੈਸਲੇ 'ਤੇ ਹੈਰਾਨੀ ਜ਼ਾਹਰ ਕੀਤੀ ਸੀ। ਨੈਸ਼ਨਲ ਪ੍ਰੈੱਸ ਕਲੱਬ ਅਤੇ ਨੈਸ਼ਨਲ ਪੈੱਸ ਕਲੱਬ ਜਰਨੇਲੀਜ਼ਮ ਇੰਸਟੀਚਿਊਟ' ਨੇ ਪਾਕਿਸਤਾਨ ਦੀ ਕੋਰਟ ਨੂੰ ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ। ਪਰਲ 'ਦੀ ਵਾਲ ਸਟ੍ਰੀਟ ਜਨਰਲ' ਦੇ ਦੱਖਣ ਏਸ਼ੀਆ ਬਿਊਰੋ ਦੇ ਪ੍ਰਮੁੱਖ ਸਨ ਅਤੇ ਸਾਲ 2002 ਵਿਚ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਉਹਨਾਂ ਨੂੰ ਅਗਵਾ ਕਰ ਕੇ ਉਹਨਾਂ ਦਾ ਸਿਰ ਕਲਮ ਕਰ ਦਿੱਤਾ ਸੀ। ਸਾਲ 2014 ਵਿਚ ਉਮਰ ਨੇ ਵੈਂਟੀਲੇਟਰ ਨਾਲ ਲਟਕ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ।
ਉਮਰ ਸ਼ੇਖ ਦੀ ਰਿਹਾਈ ਨਾਲ ISI ਨੂੰ ਫਾਇਦਾ ਹੋਣ ਦੀ ਸੰਭਾਵਨਾ
ਉਮਰ ਸ਼ੇਖ ਦੀ ਸਜ਼ਾ ਨੂੰ ਬਦਲਿਆ ਜਾਣਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਇਕ ਨਾਪਾਕ ਚਾਲ ਮੰਨਿਆ ਜਾ ਰਿਹਾ ਹੈ। ਆਈ.ਐੱਸ.ਆਈ. ਨੂੰ ਲੱਗਦਾ ਹੈ ਕਿ ਕੋਰੋਨਾ ਸੰਕਟ ਵਿਚ ਫਸਿਆ ਅਮਰੀਕਾ ਉਮਰ ਸ਼ੇਖ ਦੀ ਰਿਹਾਈ ਦਾ ਵਿਰੋਧ ਨਹੀਂ ਕਰ ਪਾਵੇਗਾ। ਆਈ.ਐੱਸ.ਆਈ. ਅਤੇ ਪਾਕਿਸਤਾਨੀ ਸੈਨਾ ਨੂੰ ਲੱਗ ਰਿਹਾ ਹੈ ਕਿ ਜੇਕਰ ਉਮਰ ਸ਼ੇਖ ਬਾਹਰ ਆ ਜਾਂਦਾ ਹੈ ਤਾਂ ਉਸ ਦੇ ਲਈ ਕਸ਼ਮੀਰ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣਾ ਹੋਰ ਆਸਾਨ ਹੋ ਜਾਵੇਗਾ।
ਨੋਟ - ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਓਂਟਾਰੀਓ 'ਚ ਕੋਰੋਨਾ ਦੇ ਨਵੇਂ ਮਾਮਲੇ 2400 ਤੋਂ ਪਾਰ, ਹਸਪਤਾਲਾਂ 'ਚ ਵਧੇ ਮਰੀਜ਼
NEXT STORY