ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵੀ ਜਾਨਲੇਵਾ ਕੋਰੋਨਾਵਾਇਰਸ ਨਾਲ ਸਬੰਧਤ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 15 ਮਾਮਲੇ ਸਿੰਧ ਸੂਬੇ ਵਿਚ ਪਾਏ ਗਏ ਹਨ। ਇਸ ਦੇ ਇਲਾਵਾ 3 ਮਾਮਲਿਆਂ ਦੀ ਪੁਸ਼ਟੀ ਗਿਲਗਿਤ ਬਾਲਟੀਸਤਾਨ ਅਤੇ ਇਕ ਦੀ ਪੁਸ਼ਟੀ ਬਲੋਚਿਸਤਾਨ ਵਿਚ ਹੋਈ ਹੈ।
ਸਿਹਤ ਸੰਬੰਧੀ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਡਾਕਟਰ ਜਫਰ ਮਿਰਜ਼ਾ ਨੇ ਦੱਸਿਆ ਕਿ ਕਰਾਚੀ ਵਿਚ ਇਨਫੈਕਸ਼ਨ ਦੇ 9 ਮਾਮਲੇ ਸਾਹਮਣੇ ਆਏ ਹਨ। ਮਿਰਜ਼ਾ ਨੇ ਕਿਹਾ ਕਿ ਮੈਂ ਕਰਾਚੀ ਵਿਚ ਕੋਰੋਨਾਵਾਇਰਸ ਦੇ 9 ਮਾਮਲਿਆਂ ਦੀ ਪੁਸ਼ਟੀ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ਵਿਚ ਲੋਕ ਪਹਿਲਾਂ ਤੋਂ ਹੀ ਇਨਫੈਕਟਿਡ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ। ਇਨਫੈਕਸ਼ਨ ਦੇ ਸ਼ਿਕਾਰ ਵਿਅਕਤੀਆਂ ਦੇ ਸੰਪਰਕ ਵਿਚ ਆਏ ਹੋਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਿੰਧ ਦੇ ਸਿਹਤ ਮੰਤਰੀ ਮੀਰਨ ਯੁਸੂਫ ਦੇ ਮੀਡੀਆ ਕੋਆਰਡੀਨੇਟਰ ਨੇ ਸ਼ਾਮ ਨੂੰ ਦੱਸਿਆ ਕਿ ਇਨਫੈਕਸ਼ਨ ਦੀ ਚਪੇਟ ਵਿਚ ਆਏ ਵਿਅਕਤੀਆਂ ਦੀ ਗਿਣਤੀ ਵਿਚ ਦੋ ਦਾ ਵਾਧਾ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਪਹਿਲਾ ਮਾਮਲਾ ਹੈਦਰਾਬਾਦ ਦਾ ਹੈ ਜਿੱਥੇ ਮਰੀਜ਼ ਦੋਹਾ ਹੁੰਦੇ ਹੋਏ ਸੀਰੀਆ ਤੋਂ ਪਰਤਿਆ ਸੀ। ਦੂਜਾ ਮਾਮਲਾ ਕਰਾਚੀ ਦਾ ਹੈ ਜਿੱਥੇ ਮਰੀਜ਼ ਦੁਬਈ ਹੁੰਦੇ ਹੋਏ ਈਰਾਨ ਤੋਂ ਆਇਆ ਸੀ। ਸਿੰਧ ਦੇ ਮੁੱਖ ਮੰਤਰੀ ਸੈਯਦ ਮੁਰਾਦ ਅਲੀ ਸ਼ਾਹ ਨੇ ਸਾਰੇ ਹਸਪਤਾਲਾਂ ਵਿਚ ਨਿਮੋਨੀਆ ਦੇ ਲੱਛਣ ਵਾਲੇ ਮਰੀਜ਼ਾਂ ਦਾ ਵੇਰਵਾ ਸਾਂਝਾ ਕਰਨ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਨਵਾਜ਼ ਦਾ ਨਿੱਜੀ ਡਾਕਟਰ ਲੰਡਨ 'ਚ ਲੁੱਟ-ਖੋਹ ਦੀ ਘਟਨਾ ਦਾ ਸ਼ਿਕਾਰ
ਸਿੰਧ ਦੇ ਸਿਹਤ ਵਿਭਾਗ ਨੇ ਸੋਮਵਾਰ ਰਾਤ ਕਿਹਾ ਸੀ ਕਿ ਕਰਾਚੀ ਵਿਚ ਇਨਫੈਕਸ਼ਨ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਪਰ ਮਿਰਜ਼ਾ ਨੇ ਅੱਧੀ ਰਾਤ ਦੇ ਬਾਅਦ ਜਾਣਕਾਰੀ ਦਿੱਤੀ ਕਿ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਨਵੇਂ ਮਰੀਜ਼ਾਂ ਵਿਚੋਂ 5 ਦੋਹਾ ਹੁੰਦੇ ਹੋਏ ਸੀਰੀਆ ਤੋਂ ਕਰਾਚੀ ਆਏ ਸਨ ਜਦਕਿ 3 ਵਿਅਕਤੀ ਪਿਛਲੇ ਹਫਤੇ ਦੁਬਾਈ ਹੁੰਦੇ ਹੋਏ ਲੰਡਨ ਤੋਂ ਆਏ ਸਨ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਇਸ ਵਾਇਰਸ ਨਾਲ ਹੁਣ ਤੱਕ 4000 ਤੋਂ ਵੱਧ ਲੋਕ ਮਰ ਚੁੱਕੇ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਇਨਫੈਕਟਿਡ ਹਨ। ਭਾਰਤ ਵਿਚ ਵੀ ਕੋਰੋਨਾਵਾਇਰਸ ਸੰਬੰਧੀ 60 ਦੇ ਕਰੀਬ ਮਾਮਲੇ ਪਹੁੰਚ ਚੁੱਕੇ ਹਨ।
ਨਵਾਜ਼ ਦਾ ਨਿੱਜੀ ਡਾਕਟਰ ਲੰਡਨ 'ਚ ਲੁੱਟ-ਖੋਹ ਦੀ ਘਟਨਾ ਦਾ ਸ਼ਿਕਾਰ
NEXT STORY