ਲਾਹੌਰ— ਪਾਕਿਸਤਾਨ 'ਚ ਤੇਲ ਟੈਂਕਰ 'ਚ ਅੱਗ ਲੱਗਣ ਦੀ ਘਟਨਾ 'ਚ ਬੁਰੀ ਤਰ੍ਹਾਂ ਝੁਲਸੇ 10 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਇਸ ਭਿਆਨਕ ਅਗਨੀਕਾਂਡ 'ਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 175 ਹੋ ਗਈ ਹੈ। ਲਾਹੌਰ, ਮੁਲਤਾਨ ਅਤੇ ਫੈਸਲਾਬਾਦ ਦੇ ਬਰਨ ਸੈਂਟਰਾਂ ਵਿਚ ਮਰੀਜ਼ਾਂ ਨੇ ਆਖਰੀ ਸਾਹ ਲਿਆ। ਇਕ ਸੀਨੀਅਰ ਅਧਿਕਾਰੀ ਜਾਮ ਸੱਜਾਦ ਨੇ ਕਿਹਾ, ''ਇਸ ਭਿਆਨਕ ਅਗਨੀਕਾਂਡ ਵਿਚ ਗੰਭੀਰ ਰੂਪ ਨਾਲ ਝੁਲਸੇ 10 ਹੋਰ ਲੋਕਾਂ ਦੇ ਦਮ ਤੋੜ ਦੇਣ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 175 'ਤੇ ਪਹੁੰਚ ਗਈ ਹੈ। ਇਹ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਘੱਟੋ-ਘੱਟ 60 ਲੋਕ 60 ਤੋਂ 100 ਫੀਸਦੀ ਤੱਕ ਝੁਲਸ ਗਏ ਸਨ। ਇਨ੍ਹਾਂ ਲੋਕਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚਲ ਰਿਹਾ ਹੈ।''
ਉਨ੍ਹਾਂ ਨੇ ਡਾਕਟਰਾਂ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਉਹ ਬਚ ਜਾਂਦੇ ਹਨ ਤਾਂ ਇਹ ਚਮਤਕਾਰ ਹੀ ਹੋਵੇਗਾ। ਲਾਹੌਰ ਦੇ ਜਿੰਨਾ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਝੁਲਸੇ ਹੋਏ ਕਈ ਲੋਕਾਂ ਨੂੰ ਕਮਰਿਆਂ ਦੀ ਕਮੀ ਕਾਰਨ ਵੱਖ-ਵੱਖ ਕਮਰਿਆਂ 'ਚ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਰੀਜ਼ਾਂ 'ਚ ਇਨਫੈਕਸ਼ਨ ਹੋਣ ਦਾ ਖਦਸ਼ਾ ਵਧ ਹੁੰਦਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਟੈਂਕਰ ਡਰਾਈਵਰ ਦੀ ਕੱਲ ਮੌਤ ਹੋ ਗਈ ਪਰ 90 ਫੀਸਦੀ ਤੱਕ ਝੁਲਸੇ ਹੋਣ ਕਾਰਨ ਉਸ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ।
ਦੱਸਣ ਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਬਹਾਵਲਪੁਰ ਜ਼ਿਲੇ ਦੇ ਅਹਿਮਦਪੁਰ ਸ਼ੇਰਕੀਆ ਇਲਾਕੇ 'ਚ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ ਅਤੇ ਉਸ 'ਚੋਂ ਪੈਟਰੋਲ ਵਹਿਣ ਲੱਗਾ। ਆਲੇ-ਦੁਆਲੇ ਦੇ ਇਲਾਕੇ ਵਿਚ ਰਹਿਣ ਵਾਲੇ ਸੈਂਕੜੇ ਲੋਕ ਉੱਥੇ ਪਹੁੰਚ ਕੇ ਪੈਟਰੋਲ ਇਕੱਠਾ ਕਰਨ ਲੱਗੇ ਪਰ ਇਸ ਦੌਰਾਨ ਕਿਸੇ ਵਿਅਕਤੀ ਵਲੋਂ ਸਿਗਰਟ ਜਲਾਉਣ ਕਾਰਨ ਅੱਗ ਲੱਗੀ ਗਈ ਅਤੇ ਟੈਂਕਰ 'ਚ ਧਮਾਕਾ ਹੋ ਗਿਆ, ਜਿਸ ਕਾਰਨ ਕਈ ਲੋਕ ਇਸ ਅੱਗ ਦੀ ਲਪੇਟ 'ਚ ਆ ਗਏ।
ਨਿਊਜ਼ੀਲੈਂਡ 'ਚ ਲੱਗੇ ਭੂਚਾਲ ਦੇ ਹਲਕੇ ਝਟਕੇ, ਕੋਈ ਜ਼ਖਮੀ ਨਹੀਂ
NEXT STORY