ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਹਿੰਦੂਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਸਿੰਧ ਸੂਬੇ ਵਿਚ ਇਕ ਹਿੰਦੂ ਮੈਡੀਕਲ ਵਿਦਿਆਰਥਣ ਦੀ ਹੱਤਿਆ ਦੀ ਖਬਰ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹੱਤਿਆ ਜ਼ਬਰੀ ਧਰਮ ਪਰਿਵਰਤਨ ਕਾਰਨ ਹੋਈ ਹੈ। ਮ੍ਰਿਤਕਾ ਦਾ ਨਾਮ ਨਮਰਿਤਾ ਚੰਦਾਨੀ ਸੀ। ਉਹ ਪਾਕਿਸਤਾਨ ਦੇ ਘੋਟਕੀ ਦੇ ਹੀ ਮੀਰਪੁਰ ਮਥੇਲੋ ਦੀ ਰਹਿਣ ਵਾਲੀ ਸੀ।
ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦੀ ਹੱਤਿਆ ਹੋਈ ਹੈ ਫਿਲਹਾਲ ਇਹ ਕਹਿਣਾ ਹਾਲੇ ਮੁਸ਼ਕਲ ਹੈ। ਉੱਧਰ ਨਮਰਿਤਾ ਦੇ ਭਰਾ ਡਾਕਟਰ ਵਿਸ਼ਾਲ ਸੁੰਦਰ ਨੇ ਦਾਅਵਾ ਕੀਤਾ ਹੈ ਕਿ ਇਹ ਖੁਦਕੁਸ਼ੀ ਨਹੀਂ ਹੈ ਉਸ ਦੀ ਭੈਣ ਦੀ ਹੱਤਿਆ ਕੀਤੀ ਗਈ ਹੈ ਕਿਉਂਕਿ ਉਸ ਦੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਨਿਸ਼ਾਨ ਹਨ, ਜਿਵੇਂ ਕੋਈ ਵਿਅਕਤੀ ਉਸ ਨੂੰ ਫੜ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਘੱਟ ਗਿਣਤੀ ਹਾਂ, ਕ੍ਰਿਪਾ ਕਰਕੇ ਸਾਡੇ ਲਈ ਖੜ੍ਹੇ ਹੋਵੋ।
ਨਮਰਿਤਾ ਲਰਕਾਨਾ ਦੇ ਬੀਬੀ ਆਸਿਫਾ ਡੈਂਟਲ ਕਾਲਜ ਦੀ ਵਿਦਿਆਰਥਣ ਸੀ। ਉਸ ਦੀ ਲਾਸ਼ ਸੋਮਵਾਰ ਨੂੰ ਹੋਸਟਲ ਦੇ ਕਮਰੇ ਵਿਚ ਮੰਜੇ 'ਤੇ ਪਈ ਮਿਲੀ। ਉਸ ਦੇ ਗਲੇ ਵਿਚ ਰੱਸੀ ਦਾ ਫੰਦਾ ਲੱਗਿਆ ਹੋਇਆ ਸੀ। ਸਵੇਰੇ ਜਦੋਂ ਨਮਰਿਤਾ ਦੀਆਂ ਸਹੇਲੀਆਂ ਨੇ ਦਰਵਾਜਾ ਖੜਕਾਇਆ ਅਤੇ ਉਸ ਦਾ ਨਾਮ ਲਿਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਨਮਰਿਤਾ ਦੀ ਲਾਸ਼ ਨੂੰ ਕਮਰੇ ਵਿਚੋਂ ਬਾਹਰ ਕੱਢਿਆ।
ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲਰਕਾਨਾ ਡੀ.ਆਈ.ਜੀ. ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉੱਥੇ ਇਸ ਮਾਮਲੇ ਵਿਚ ਡੈਂਟਲ ਕਾਲਜ ਦੇ ਕੁਲਪਤੀ ਡਾਕਟਰ ਅਮਿਤਾ ਅਤਾਉਰ ਰਹਿਮਾਨ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਹ ਘਟਨਾ ਖੁਦਕੁਸ਼ੀ ਦੀ ਲੱਗਦੀ ਹੈ ਪਰ ਪੁਲਸ ਅਤੇ ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਚੱਲ ਪਾਵੇਗਾ।
ਇਜ਼ਰਾਈਲ : ਆਮ ਚੋਣਾਂ ਲਈ ਅੱਜ ਵੋਟਿੰਗ, ਰਿਕਾਰਡ ਬਣਾਉਣ ’ਤੇ ਨੇਤਨਯਾਹੂ ਦੀ ਨਜ਼ਰ
NEXT STORY