ਇਸਲਾਮਾਬਾਦ (ਬਿਊਰੋ)— ਸਾਊਦੀ ਅਰਬ ਵਿਚ ਸ਼ਨੀਵਾਰ ਨੂੰ ਇਸਲਾਮਿਕ ਸੰਮੇਲਨ ਦੇ 14ਵੇਂ ਸੈਸ਼ਨ ਲਈ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਨੇਤਾਵਾਂ ਦੀ ਬੈਠਕ ਹੋਈ। ਇਸ ਬੈਠਕ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮੋਫੋਬੀਆ ਦੇ ਮੁੱਦੇ ਨੂੰ ਚੁੱਕਦੇ ਹੋਏ ਓ.ਆਈ.ਸੀ. ਵਿਚ ਆਪਣੇ ਪਹਿਲੇ ਭਾਸ਼ਣ ਦੀ ਸ਼ੁਰੂਆਤ ਵਿਚ ਕਿਹਾ,''ਇਸਲਾਮ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ।'' ਉਨ੍ਹਾਂ ਨੇ ਸਵਾਲ ਕੀਤਾ ਕਿ ਇਸਲਾਮ ਨੂੰ ਅੱਤਵਾਦ ਨਾਲ ਕਿਉਂ ਜੋੜਿਆ ਜਾਂਦਾ ਹੈ। ਜਦਕਿ ਹਿੰਦੂ ਧਰਮ ਨੂੰ ਇਸ ਤੋਂ ਦੂਰ ਰੱਖਿਆ ਜਾਂਦਾ ਹੈ। ਤਮਿਲ ਟਾਈਗਰਸ ਐੱਲ.ਟੀ.ਟੀ.ਈ. ਦੇ ਬੰਬ ਧਮਾਕੇ ਜਾਂ ਜਾਪਾਨੀ ਧਰਮ ਨੂੰ ਕਦੇ ਦੋਸ਼ੀ ਨਹੀਂ ਠਹਿਰਾਇਆ ਗਿਆ ਜਦਕਿ ਇਨ੍ਹਾਂ ਲੋਕਾਂ ਨੇ ਅਮਰੀਕੀ ਜਹਾਜ਼ਾਂ ਵਿਚ ਖੁਦ ਨੂੰ ਉਡਾ ਲਿਆ।
ਪੀ.ਐੱਮ. ਇਮਰਾਨ ਨੇ ਜ਼ੋਰ ਦੇ ਕੇ ਕਿਹਾ,''ਇਸਲਾਮ ਦਿਨ-ਬ-ਦਿਨ ਬਦਨਾਮ ਹੁੰਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮੁਸਲਿਮ ਦੇਸ਼ਾਂ ਨੇ ਕਦੇ ਇਸ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ। ਉਹ ਦੁਨੀਆ ਨੂੰ ਇਹ ਸਮਝਾਉਣ ਵਿਚ ਸਮਰੱਥ ਨਹੀਂ ਦਿਸੇ ਕਿ ਇਸਲਾਮ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ। ਓ.ਆਈ.ਸੀ. ਨੂੰ ਇਸਲਾਮ ਧਰਮ ਬਾਰੇ ਆਪਣੇ ਵਿਚਾਰ ਸਪੱਸ਼ਟ ਕਰਨੇ ਚਾਹੀਦੇ ਹਨ।'' ਗੌਰਤਲਬ ਹੈ ਕਿ ਓ.ਆਈ.ਸੀ. 1969 ਵਿਚ ਸਥਾਪਿਤ ਇਕ ਅੰਤਰਰਾਸ਼ਟਰੀ ਸੰਗਠਨ ਹੈ। ਇਸ ਦਾ ਮੁੱਖ ਉਦੇਸ਼ ਇਸਲਾਮੀ ਸਮਾਜਿਕ ਅਤੇ ਆਰਥਿਕ ਮੁੱਲਾਂ ਨੂੰ ਸੁਰੱਖਿਅਤ ਕਰਨਾ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਹੈ।
ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਸੰਕਟ ਵਿਚ ਮੁਸਲਿਮ ਦੇਸ਼ ਇਕ-ਦੂਜੇ ਨਾਲ ਜੁੜੇ ਰਹਿਣ ਵਿਚ ਕਮੀ ਮਹਿਸੂਸ ਕਰ ਰਹੇ ਹਨ। ਜਦਕਿ ਇਸ ਨੇ ਸਮਾਜਿਕ ਅਤੇ ਅਕਾਦਮਿਕ ਰੂਪ ਨਾਲ ਤਰੱਕੀ ਕੀਤੀ ਹੈ। ਇਮਰਾਨ ਨੇ ਕਿਹਾ,''ਸਾਨੂੰ ਸੰਯੁਕਤ ਰਾਸ਼ਟਰ ਜਿਹੇ ਪਲੇਟਫਾਰਮਾਂ ਦੇ ਮਾਧਿਅਮ ਨਾਲ ਪੱਛਮੀ ਦੇਸ਼ਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿਚ 1.3 ਅਰਬ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਪਹੁੰਚਾ ਸਕਦੇ।'' ਇਮਰਾਨ ਨੇ ਫਿਲਸਤੀਨੀਆਂ ਅਤੇ ਕਸ਼ਮੀਰੀਆਂ ਦੇ ਸ਼ੋਸ਼ਣ ਵਿਰੁੱਧ ਲੜਨ ਲਈ ਓ.ਆਈ.ਸੀ. ਨੂੰ ਸੱਦਾ ਦਿੱਤਾ।
ਬੋਸਟਨ : ਪ੍ਰਵਾਸੀ ਕੇਂਦਰ 'ਚ ਲੱਗੀ ਅੱਗ, 32 ਲੋਕ ਜ਼ਖਮੀ
NEXT STORY