ਜਨੇਵਾ (ਏਜੰਸੀਆਂ)-ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਭਾਰਤ ਦਾ ਗੁਆਂਢੀ ਦੇਸ਼ ਅੱਤਵਾਦ ਦਾ ਗਲੋਬਲ ਸੈਂਟਰ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਹਿਲਗਾਮ ’ਚ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ। ਭਾਰਤ ਨੇ ਅੱਤਵਾਦੀ ਟਿਕਾਣਿਆਂ ’ਤੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦੀ ਢਾਂਚਿਆਂ ਦਾ ਖਤਮ ਹੋਣਾ ਜ਼ਰੂਰੀ ਹੈ।
ਅੱਤਵਾਦ ਨਾਲ ਲੜਾਈ ਹਮੇਸ਼ਾ ਭਾਰਤ ਦੀ ਤਰਜੀਹ ਰਹੀ ਹੈ। ਅੱਤਵਾਦੀ ਅੱਡੇ ਵੱਡੇ ਪੱਧਰ ’ਤੇ ਕੰਮ ਕਰ ਰਹੇ ਹਨ, ਅੱਤਵਾਦੀਆਂ ਦੀ ਖੁੱਲ੍ਹ ਕੇ ਵਡਿਆਈ ਕੀਤੀ ਜਾਂਦੀ ਹੈ ਅਤੇ ਅੱਤਵਾਦੀ ਫੰਡਿੰਗ ਰੋਕੀ ਜਾਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਵੱਲੋਂ ਐਲਾਨੀ ਅੱਤਵਾਦੀਆਂ ਦੀ ਸੂਚੀ ’ਚ ਉਸ ਦੇ (ਪਾਕਿਸਤਾਨ) ਲੋਕ ਭਰੇ ਪਏ ਹਨ। ਜੈਸ਼ੰਕਰ ਨੇ ਆਪਣੇ ਭਾਸ਼ਣ ’ਚ ਇੰਡੀਆ ਦੀ ਜਗ੍ਹਾ ਭਾਰਤ ਸ਼ਬਦ ਦੀ ਵਰਤੋਂ ਕੀਤੀ।
ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਦੀ ਮੰਗ ਕਰਦੇ ਹੋਏ ਕਿਹਾ ਕਿ ਯੂ.ਐੱਨ. ਦੇ ਮੈਂਬਰ 4 ਗੁਣਾ ਵਧ ਗਏ ਹਨ ਅਤੇ ਸੰਗਠਨ ਦਾ ਕੰਮ ਅਤੇ ਦਾਇਰਾ ਵੀ ਕਾਫ਼ੀ ਵਧ ਗਿਆ ਹੈ। ਹੁਣ ਸਥਾਈ ਮੈਂਬਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਜੈਸ਼ੰਕਰ ਨੇ ਦੱਸਿਆ ਕਿ ਭਾਰਤ ਨੇ ਹਾਲ ਹੀ ’ਚ ਆਏ ਭੂਚਾਲਾਂ ਦੌਰਾਨ ਅਫਗਾਨਿਸਤਾਨ ਅਤੇ ਮਿਆਂਮਾਰ ਵਰਗੇ ਗੁਆਂਢੀਆਂ ਦੀ ਮਦਦ ਕੀਤੀ ਹੈ।
ਇਸ ਦੌਰਾਨ ਰੂਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਥਾਈ ਸੀਟ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ। ਭਾਰਤ ਨੇ ਯੂਕ੍ਰੇਨ ਅਤੇ ਗਾਜ਼ਾ ’ਚ ਸ਼ਾਂਤੀ ਦੀ ਮੰਗ ਕੀਤੀ ਅਤੇ ਸ਼ਾਂਤੀ ਬਹਾਲ ਕਰਨ ’ਚ ਮਦਦ ਕਰਨ ਵਾਲੀ ਕਿਸੇ ਵੀ ਪਹਿਲਕਦਮੀ ਦਾ ਸਮਰਥਨ ਕੀਤਾ।
ਪਾਕਿ ’ਚ ਮੋਰਟਾਰ ਸ਼ੈੱਲ ਦੇ ਫਟਣ ਨਾਲ 4 ਮੌਤਾਂ
NEXT STORY