ਇਸਲਾਮਾਬਾਦ (ਏਜੰਸੀ)- ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 9 ਮਈ 2023 ਨੂੰ ਫੌਜੀ ਟਿਕਾਣਿਆਂ 'ਤੇ ਹੋਏ ਹਮਲਿਆਂ ਵਿਚ ਸ਼ਾਮਲ 19 ਦੋਸ਼ੀਆਂ ਦੀ ਰਹਿਮ ਦੀਆਂ ਪਟੀਸ਼ਨਾਂ ਸਵੀਕਾਰ ਕਰ ਲਈ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਕਾਂ ਨੇ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਨ ਲਈ 9 ਮਈ 2023 ਨੂੰ ਰਾਵਲਪਿੰਡੀ ਵਿੱਚ ਆਰਮੀ ਹੈੱਡਕੁਆਰਟਰ ਅਤੇ ਫੈਸਲਾਬਾਦ ਵਿੱਚ ਆਈ.ਐੱਸ.ਆਈ. ਦੀ ਇਮਾਰਤ ਸਮੇਤ ਕਈ ਫੌਜੀ ਅਦਾਰਿਆਂ 'ਤੇ ਹਮਲਾ ਕੀਤਾ ਸੀ।
ਦੇਸ਼ ਭਰ 'ਚ ਮਾਰੇ ਗਏ ਛਾਪਿਆਂ ਦੌਰਾਨ ਸੈਂਕੜੇ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 100 ਤੋਂ ਵੱਧ ਨਾਗਰਿਕਾਂ ਦੇ ਮਾਮਲੇ ਫੌਜੀ ਅਦਾਲਤ ਵਿੱਚ ਸੁਣਵਾਈ ਲਈ ਭੇਜੇ ਗਏ, ਕਿਉਂਕਿ ਉਹ ਫੌਜੀ ਅਦਾਰਿਆਂ 'ਤੇ ਹਮਲਿਆਂ ਵਿੱਚ ਸ਼ਾਮਲ ਸਨ। ਦਸੰਬਰ ਵਿੱਚ ਫੌਜੀ ਅਦਾਲਤਾਂ ਨੇ ਹਿੰਸਾ ਵਿੱਚ ਭੂਮਿਕਾ ਲਈ 85 ਨਾਗਰਿਕਾਂ ਨੂੰ 2 ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਸੀ। ਫੌਜ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 9 ਮਈ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ, ਉਨ੍ਹਾਂ ਨੇ ਅਪੀਲ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਆਪਣੀ ਸਜ਼ਾ ਵਿਚ ਰਹਿਮ ਅਤੇ ਛੋਟ ਦੀ ਮੰਗ ਕੀਤੀ ਹੈ।
ਬਿਆਨ ਅਨੁਸਾਰ, 67 ਦੋਸ਼ੀਆਂ ਨੇ ਰਹਿਮ ਦੀਆਂ ਆਪਣੀਆਂ ਪਟੀਸ਼ਨਾਂ ਦਾਖਲ ਕੀਤੀਆਂ ਹਨ, ਅਤੇ 48 ਪਟੀਸ਼ਨਾਂ 'ਤੇ ਅਪੀਲ ਅਦਾਲਤਾਂ ਵਿੱਚ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 19 ਦੋਸ਼ੀਆਂ ਦੀਆਂ ਪਟੀਸ਼ਨਾਂ ਨੂੰ ਕਾਨੂੰਨ ਅਨੁਸਾਰ ਮਨੁੱਖੀ ਆਧਾਰ 'ਤੇ ਸਵੀਕਾਰ ਕਰ ਲਿਆ ਗਿਆ ਹੈ। ਫੌਜ ਨੇ ਕਿਹਾ ਕਿ ਬਾਕੀ ਦੋਸ਼ੀਆਂ ਦੀਆਂ ਰਹਿਮ ਦੀਆਂ ਪਟੀਸ਼ਨਾਂ'ਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸਮਾਂ ਆਉਣ 'ਤੇ ਫੈਸਲਾ ਲਿਆ ਜਾਵੇਗਾ। ਫੌਜ ਨੇ ਕਿਹਾ ਕਿ ਜਿਨ੍ਹਾਂ ਦੀ ਰਹਿਮ ਦੀ ਅਪੀਲ ਸਵੀਕਾਰ ਕਰ ਲਈ ਗਈ ਹੈ, ਉਨ੍ਹਾਂ ਨੂੰ ਪ੍ਰਕਿਰਿਆ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਵੇਗਾ।
ਬ੍ਰਿਟੇਨ ਦੇ PM ਨੇ ਅਮਰੀਕਾ ਦੇ ਨਿਊ ਓਰਲੀਨਜ਼ 'ਚ ਹੋਏ ਹਮਲੇ ਦੀ ਕੀਤੀ ਨਿੰਦਾ
NEXT STORY