ਵਾਸ਼ਿੰਗਟਨ (ਬਿਊਰੋ): ਅਮਰੀਕਾ, ਕੈਨੇਡਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਹੁਣ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਨੇ ਆਪਣੇ ਟੀਕੇ ਦਾ ਟ੍ਰਾਇਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਦੇ ਅਧਿਐਨ ਵਿਚ ਘੱਟ ਗਿਣਤੀ ਵਿਚ ਛੋਟੇ ਬੱਚਿਆਂ ਨੂੰ ਵੈਕਸੀਨ ਦੀਆਂ ਵੱਖ-ਵੱਖ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਲਈ ਫਾਈਜ਼ਰ ਨੇ ਦੁਨੀਆ ਦੇ ਚਾਰ ਦੇਸ਼ਾਂ ਵਿਚ 4500 ਤੋਂ ਵੱਧ ਬੱਚਿਆਂ ਦੀ ਚੋਣ ਕੀਤੀ ਹੈ। ਜਿਹੜੇ ਦੇਸ਼ਾਂ ਵਿਚ ਬੱਚਿਆਂ 'ਤੇ ਫਾਈਜ਼ਰ ਦੀ ਵੈਕਸੀਨ ਦਾ ਟ੍ਰਾਇਲ ਹੋਣਾ ਹੈ ਉਹਨਾਂ ਵਿਚ ਅਮਰੀਕਾ , ਫਿਨਲੈਂਡ, ਪੋਲੈਂਡ ਅਤੇ ਸਪੇਨ ਸ਼ਾਮਲ ਹਨ।
12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਾਈ ਜਾ ਰਹੀ ਵੈਕਸੀਨ
ਫਾਈਜ਼ਰ ਦੇ ਕੋਵਿਡ ਵੈਕਸੀਨ ਨੂੰ ਪਹਿਲਾਂ ਹੀ ਅਮਰੀਕਾ ਅਤੇ ਯੂਰਪੀ ਸੰਘ ਵਿਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਭਾਵੇਂਕਿ ਇਹ ਮਨਜ਼ੂਰੀ ਐਮਰਜੈਂਸੀ ਵਰਤੋਂ ਲਈ ਹੀ ਦਿੱਤੀ ਗਈ ਹੈ।ਫਾਈਜ਼ਰ ਨੇ ਕੋਰੋਨਾ ਦੀ ਇਹ ਵੈਕਸੀਨ ਆਪਣੇ ਜਰਮਨ ਪਾਰਟਨਰ ਬਾਇਓਨਟੇਕ ਨਾਲ ਮਿਲ ਕੇ ਬਣਾਈ ਸੀ। ਇਸੇ ਕੰਪਨੀ ਦੀ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਨੇ ਸਭ ਤੋਂ ਪਹਿਲਾਂ ਆਪਣੀ ਮਨਜ਼ੂਰੀ ਦਿੱਤੀ ਸੀ।
6 ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ 'ਤੇ ਵੀ ਟ੍ਰਾਇਲ ਜਲਦ
ਕੰਪਨੀ ਨੇ ਦੱਸਿਆ ਕਿ ਟੀਕਾਕਾਰਨ ਟ੍ਰਾਇਲ ਲਈ ਇਸ ਹਫ਼ਤੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਇਨਰੋਲ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹਨਾਂ ਬੱਚਿਆਂ ਨੂੰ 10 ਮਾਈਕ੍ਰੋਗ੍ਰਾਮ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਖੁਰਾਕ ਨੌਜਵਾਨਾਂ ਅਤੇ ਬਾਲਗਾਂ ਨੂੰ ਦਿੱਤੀਆਂ ਜਾਣ ਵਾਲੀ ਵੈਕਸੀਨ ਦੀ ਖੁਰਾਕ ਦਾ ਇਕ ਤਿਹਾਈ ਹੈ। ਇਸ ਦੇ ਕੁਝ ਹਫ਼ਤੇ ਬਾਅਦ 6 ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ 'ਤੇ ਟੀਕੇ ਦਾ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੂੰ ਤਿੰਨ ਮਾਈਕ੍ਰੋਗ੍ਰਾਮ ਵੈਕਸੀਨ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ 'ਚ 25 ਤੋਂ 29 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪੇਸ਼ਕਸ਼
ਫਾਈਜ਼ਰ ਦੇ ਬੁਲਾਰੇ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ 5 ਤੋਂ 11 ਸਾਲ ਤੱਕ ਦੇ ਬੱਚਿਆਂ ਦੇ ਟ੍ਰਾਇਲ ਦਾ ਨਤੀਜਾ ਸਤੰਬਰ ਤੱਕ ਆਉਣ ਦੀ ਆਸ ਹੈ। ਇਸ ਮਗਰੋਂ ਉਸ ਦੇ ਐਮਰਜੈਂਸੀ ਵਰਤੋਂ ਦੀ ਮਨਜ਼ਰੂੀ ਮੰਗੀ ਜਾਵੇਗੀ। ਉੱਥੇ 2 ਤੋਂ 5 ਸਾਲ ਦੇ ਬੱਚਿਆਂ ਦਾ ਡਾਟਾ ਇਸ ਦੇ ਬਾਅਦ ਹੀ ਆਵੇਗਾ। ਜਦਕਿ 6 ਮਹੀਨੇ ਤੋਂ 2 ਸਾਲ ਤੱਕ ਦੇ ਬੱਚਿਆਂ ਦਾ ਡਾਟਾ ਅਕਤੂਬਰ ਜਾਂ ਨਵੰਬਰ ਵਿਚ ਆਉਣ ਦੀ ਆਸ ਹੈ।
ਕਈ ਕੰਪਨੀਆਂ ਮੈਦਾਨ ਵਿਚ
ਫਾਈਜ਼ਰ ਦੇ ਇਲਾਵਾ ਮੋਡਰਨਾ ਵੀ 12-17 ਸਾਲ ਦੇ ਬੱਚਿਆਂ 'ਤੇ ਵੈਕਸੀਨ ਟੈਸਟ ਕਰ ਰਹੀ ਹੈ ਅਤੇ ਜਲਦੀ ਹੀ ਉਸ ਦੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ। ਖਾਸ ਗੱਲ ਇਹ ਹੈ ਕਿ ਐੱਫ.ਡੀ.ਏ. ਨੇ ਦੋਹਾਂ ਕੰਪਨੀਆਂ ਦੇ ਹੁਣ ਤੱਕ ਦੇ ਨਤੀਜਿਆਂ 'ਤੇ ਭਰੋਸਾ ਜਤਾਉਂਦੇ ਹੋਏ 11ਸਾਲ ਤੱਕ ਦੇ ਬੱਚਿਆਂ 'ਤੇ ਵੀ ਵੈਕਸੀਨ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਿਛਲੇ ਮਹੀਨੇ ਐਸਟ੍ਰਾਜ਼ੈਨੇਕਾ ਨੇ 6 ਤੋਂ 17 ਸਾਲ ਤੱਕ ਦੇ ਬੱਚਿਆਂ 'ਤੇ ਬ੍ਰਿਟੇਨ ਵਿਚ ਅਧਿਐਨ ਸ਼ੁਰੂ ਕੀਤਾ ਹੈ। ਉੱਥੇ ਜਾਨਸਨ ਐਂਡ ਜਾਨਸਨ ਵੀ ਅਧਿਐਨ ਕਰ ਰਹੀ ਹੈ। ਚੀਨ ਦੀ ਸਿਨੋਵੈਕ ਨੇ 3 ਸਾਲ ਤੱਕ ਦੇ ਬੱਚਿਆਂ 'ਤੇ ਵੀ ਆਪਣੀ ਵੈਕਸੀਨ ਨੂੰ ਅਸਰਦਾਰ ਦੱਸਿਆ ਹੈ।
ਨੋਟ- 'ਫਾਈਜ਼ਰ' ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦਾ ਟ੍ਰਾਇਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜਰਸੀ 'ਚ ਹਿੰਸਕ ਘਟਨਾਵਾਂ ਦੇ ਬਾਅਦ ਮਹਿਲਾ ਜੇਲ੍ਹ ਨੂੰ ਕੀਤਾ ਜਾਵੇਗਾ ਬੰਦ
NEXT STORY