ਇੰਟਰਨੈਸ਼ਨਲ ਡੈਸਕ- ਹਵਾਈ ਜਹਾਜ਼, ਜੋ ਕਿ ਬੀਤੇ ਲੰਬੇ ਸਮੇਂ ਤੋਂ ਯਾਤਰਾ ਦਾ ਸਭ ਤੋਂ ਸੁਰੱਖਿਅਤ ਸਾਧਨ ਮੰਨੇ ਜਾਂਦੇ ਰਹੇ ਹਨ, ਦਾ ਇਤਿਹਾਸ ਵੀ ਭਿਆਨਕ ਹਾਦਸਿਆਂ ਨਾਲ ਭਰਿਆ ਹੋਇਆ ਹੈ। ਸੈਂਕੜੇ ਜਹਾਜ਼ ਹਾਦਸਿਆਂ 'ਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਪਰ ਟੈਕਨੀਕਲ ਐਡਵਾਂਸਮੈਂਟ ਆ ਜਾਣ ਦੇ ਬਾਵਜੂਦ ਵੀ ਜਹਾਜ਼ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਇਸੇ ਦੌਰਾਨ ਹਵਾਈ ਜਹਾਜ਼ਾਂ ਦੇ ਇਤਿਹਾਸ ਦੀ 74 ਸਾਲਾਂ ਤੋਂ ਬੰਦ ਪਈ ਇਕ ਵੱਡੀ ਗੁੱਥੀ ਆਖ਼ਿਰਕਾਰ ਸੁਲਝ ਗਈ ਹੈ। ਸਾਲ 1952 'ਚ ਪੁਏਰਤੋ ਰੀਕੋ ਦੇ ਤੱਟ ਨੇੜੇ ਅਟਲਾਂਟਿਕ ਮਹਾਸਾਗਰ 'ਚ ਕ੍ਰੈਸ਼ ਹੋਏ ਪੈਨ ਅਮੈਰਿਕਨ (Pan Am) ਏਅਰਲਾਈਨ ਦੇ ਇਤਿਹਾਸਕ ਜਹਾਜ਼ 'ਕਲਿਪਰ ਐਂਡੇਵਰ' ਦਾ ਮਲਬਾ ਸਰਚ ਟੀਮਾਂ ਨੇ ਸਫ਼ਲਤਾਪੂਰਵਕ ਲੱਭ ਲਿਆ ਹੈ। ਇਹ ਖੋਜ ਅਟਲਾਂਟਿਕ ਮਹਾਸਾਗਰ ਦੀ ਸਤ੍ਹਾ ਤੋਂ ਲਗਭਗ 2,000 ਫੁੱਟ ਹੇਠਾਂ ਤੋਂ 'ਡ੍ਰੋਨ ਐਲਗੋਰਿਦਮ ਅਤੇ ਸੋਨਾਰ ਟੈਕਨਾਲੋਜੀ' ਦੀ ਮਦਦ ਨਾਲ ਕੀਤੀ ਗਈ ਹੈ।

1952 ਦਾ 'ਗੁੱਡ ਫ੍ਰਾਈਡੇ' ਕ੍ਰੈਸ਼
ਜ਼ਿਕਰਯੋਗ ਹੈ ਕਿ 11 ਅਪ੍ਰੈਲ 1952 ਨੂੰ ਪੈਨ ਐਮ ਫਲਾਈਟ 526A ਨੇ ਪੁਏਰਤੋ ਰੀਕੋ ਦੇ ਸਾਨ ਜੁਆਨ ਤੋਂ ਨਿਊਯਾਰਕ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਜਹਾਜ਼ ਦੇ ਸੱਜੇ ਪਾਸੇ ਦੇ ਦੋਵੇਂ ਇੰਜਣ ਖ਼ਰਾਬ ਹੋ ਗਏ। ਹਾਲਾਤ ਬੇਕਾਬੂ ਹੋਣ ਮਗਰੋਂ ਜਹਾਜ਼ ਦੇ ਕਪਤਾਨ ਨੇ ਸਮੁੰਦਰ ਦੇ ਪਾਣੀ 'ਚ ਐਮਰਜੈਂਸੀ ਲੈਂਡਿੰਗ ਕੀਤੀ ਸੀ।
ਹਾਦਸੇ ਸਮੇਂ ਜਹਾਜ਼ 'ਚ 64 ਯਾਤਰੀ ਅਤੇ 5 ਕ੍ਰੂ ਮੈਂਬਰਾਂ ਸਣੇ ਕੁੱਲ 69 ਲੋਕ ਸਵਾਰ ਸਨ। ਜਹਾਜ਼ ਦੇ ਪਾਣੀ 'ਚ ਸਪਲੈਸ਼ ਹੋਣ ਤੱਕ 'ਤੇ ਸਾਰੇ ਲੋਕ ਸੁਰੱਖਿਅਤ ਸਨ, ਪਰ ਉਨ੍ਹੀਂ ਦਿਨੀਂ ਜਹਾਜ਼ਾਂ 'ਚ ਕ੍ਰੂ ਮੈਂਬਰਾਂ ਵੱਲੋਂ ਟੇਕਆਫ਼ ਤੋਂ ਪਹਿਲਾਂ ਯਾਤਰੀਆਂ ਨੂੰ ਸੁਰੱਖਿਆ ਨਿਯਮਾਂ ਬਾਰੇ ਦੱਸਣ ਦਾ ਕੋਈ ਰਿਵਾਜ਼ ਨਹੀਂ ਸੀ। ਇਸ ਕਾਰਨ ਯਾਤਰੀਆਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਲਾਈਫ ਜੈਕੇਟਾਂ ਕਿੱਥੇ ਹਨ ਜਾਂ ਐਮਰਜੈਂਸੀ ਗੇਟ ਕਿਵੇਂ ਖੋਲ੍ਹਣੇ ਹਨ। ਇਸ ਤੋਂ ਬਾਅਦ ਜਦੋਂ ਕ੍ਰੂ ਮੈਂਬਰ ਸੇਫਟੀ ਬੋਟਸ ਤੇ ਲਾਈਫ ਜੈਕਟਾਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਜਹਾਜ਼ 'ਚ ਜਾਨ ਬਚਾਉਣ ਪਿੱਛੇ ਹਾਹਾਕਾਰ ਮਚ ਗਈ ਤੇ 52 ਯਾਤਰੀਆਂ ਦੀ ਸਮੁੰਦਰ 'ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ, ਜਦਕਿ 12 ਯਾਤਰੀਆਂ ਤੇ 5 ਕ੍ਰੂ ਮੈਂਬਰਾਂ ਸਣੇ 17 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ- ਬ੍ਰਿਟਿਸ਼ ਮੁੰਡੇ ਦਾ ਕਤਲ ਕਰਨ ਵਾਲੇ ਵਿਕਰਮ ਦਿਗਵਾ ਦੀ ਮਾਂ ਨੂੰ ਵੀ ਹੋਈ ਜੇਲ੍ਹ ! ਜਾਣੋ ਕਿਉਂ ਹੋਈ ਕਾਰਵਾਈ

ਹਾਦਸੇ ਨੇ ਬਦਲੇ ਫਲਾਈਟਾਂ ਦੇ ਨਿਯਮ
ਇਸ ਭਿਆਨਕ ਹਾਦਸੇ ਤੋਂ ਬਾਅਦ Civil Aeronautics Board ਨੇ ਹਵਾਈ ਯਾਤਰਾ ਦੇ ਸੁਰੱਖਿਆ ਨਿਯਮਾਂ 'ਚ ਕਈ ਵੱਡੇ ਸੁਧਾਰ ਕੀਤੇ। ਅੱਜ ਅਸੀਂ ਜਹਾਜ਼ਾਂ 'ਚ ਉਡਾਣ ਭਰਨ ਤੋਂ ਪਹਿਲਾਂ ਜੋ ਮੈਨੂਅਲ ਡੈਮੋ, ਲਾਈਫ ਜੈਕੇਟ ਪਹਿਨਣ ਦੀ ਜਾਣਕਾਰੀ ਅਤੇ ਐਮਰਜੈਂਸੀ ਐਗਜ਼ਿਟ ਬਾਰੇ ਇੰਸਟ੍ਰਕਸ਼ਨਜ਼ ਦੇਖਦੇ ਹਾਂ, ਉਹ ਸਭ ਇਸੇ ਹਾਦਸੇ ਤੋਂ ਬਾਅਦ ਪੂਰੀ ਦੁਨੀਆ 'ਚ ਲਾਜ਼ਮੀ ਕੀਤੇ ਗਏ ਸਨ।
74 ਸਾਲਾਂ ਬਾਅਦ ਕਿਵੇਂ ਮਿਲਿਆ ਜਹਾਜ਼ ਦਾ ਮਲਬਾ ?
'ਏਅਰ/ਸੀ ਹੈਰੀਟੇਜ ਫਾਊਂਡੇਸ਼ਨ' ਅਤੇ ਡਿਸਕਵਰੀ ਚੈਨਲ ਦੇ 'ਐਕਸਪੀਡੀਸ਼ਨ ਅਨਨੋਨ' ਦੇ ਜੋਸ਼ ਗੇਟਸ ਨੇ 'ਡੀਪ ਸੀ ਵਿਜ਼ਨ' ਟੀਮ ਨਾਲ ਮਿਲ ਕੇ ਇਸ ਜਹਾਜ਼ ਦਾ ਮਲਬਾ ਲੱਭਿਆ। ਸਮੁੰਦਰ ਦੀ ਡੂੰਘਾਈ 'ਚ ਜਹਾਜ਼ ਦੀ ਐਲੂਮੀਨੀਅਮ ਦੀ ਬਾਡੀ ਅਜੇ ਵੀ ਕਾਫ਼ੀ ਹੱਦ ਤੱਕ ਸੁਰੱਖਿਅਤ ਹੈ ਅਤੇ ਉਸ 'ਤੇ ਪੈਨ ਅਮੈਰਿਕਨ ਦਾ ਮਸ਼ਹੂਰ ਲੋਗੋ (PAA) ਅਤੇ ਜਹਾਜ਼ ਦਾ ਨਾਂ 'Endeavor' ਵੀ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ ਸਰਚ ਟੀਮਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਮੁੰਦਰ ਹੇਠੋਂ ਇਸ ਮਲਬੇ ਨੂੰ ਬਾਹਰ ਨਹੀਂ ਕੱਢਣਗੇ, ਸਗੋਂ ਇਸ ਸਥਾਨ ਨੂੰ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਇੱਕ 'ਯਾਦਗਾਰ' ਵਜੋਂ ਸੁਰੱਖਿਅਤ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ- ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਜੰਗ ਨੇ 92 ਡਾਲਰ ਤੱਕ ਪਹੁੰਚਾ'ਤੀਆਂ ਕੱਚੇ ਤੇਲ ਦੀਆਂ ਕੀਮਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਮਕਬੂਜ਼ਾ ਕਸ਼ਮੀਰ ਵਿਰੋਧ ਅੰਦੋਲਨ 'ਤੇ ਇਸਲਾਮਾਬਾਦ ਦਾ 'ਅੱਤਵਾਦੀ' ਠੱਪਾ
NEXT STORY