ਵੈਨਕੂਵਰ ( ਮਲਕੀਤ ਸਿੰਘ ) - ਕੈਨੇਡਾ ਫੇਰੀ ਦੌਰਾਨ ਇਥੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਅਤੇ ਸਿਆਸੀ ਨੇਤਾ ਬਲਵੰਤ ਸਿੰਘ ਰਾਮੂਵਾਲੀਆ ਦਾ ਵਿਦੇਸ਼ਾਂ ਵਿੱਚ ਜਲਵਾ ਹਾਲੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ । ਪਿਛਲੇ ਦਿਨੀਂ ਵੈਨਕੂਵਰ ਅਤੇ ਸਰ੍ਹੀ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਪੰਜਾਬੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ । ਜ਼ਿਕਰਯੋਗ ਹੈ ਕਿ ਵੱਖ ਵੱਖ ਪਾਰਟੀਆਂ ਦੇ ਕੁਝ ਸਿਆਸਤਦਾਨ ਇਸ ਵਰ੍ਹੇ ਕੈਨੇਡਾ ਆਏ ਪਰ ਲੋਕਾਂ ਦੇ ਵਿਰੋਧ ਦੇ ਡਰੋਂ ਪਬਲਿਕ ਮੀਟਿੰਗਾਂ ਕਰਨ ਤੋਂ ਦੂਰ ਹੀ ਰਹੇ ।


ਰਾਮੂਵਾਲੀਆ ਪਿਛਲੇ ਚਾਰ ਦਹਾਕਿਆਂ ਤੋਂ ਵਿਦੇਸ਼ੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹੇ ਜਿਸਦੇ ਨਤੀਜੇ ਵਜੋਂ ਅਨੇਕਾਂ ਕਿਸਮ ਦੇ ਮਸਲੇ ਹੱਲ ਹੋਏ ਤੇ ਅੱਜ ਵੀ ਪੰਜਾਬੀ ਰਾਮੂਵਾਲੀਆ ਨੂੰ ਆਪਣੇ ਮਸਲਿਆਂ ਦਾ ਪਹਿਰੇਦਾਰ ਮੰਨ ਰਹੇ ਹਨ ।
ਰਾਮੂਵਾਲੀਆ ਨੇ ਸਰ੍ਹੀ ਦੇ ਇੱਕ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੈਨੂੰ ਦੁੱਖ ਹੈ ਕਿ ਸਿਆਸਤਦਾਨਾਂ ਦੀ ਖ਼ੁਦਗ਼ਰਜ਼ੀ ਕਰਕੇ ਪੰਜਾਬ ਸਮੱਸਿਆਵਾਂ ਦਾ ਸਮੁੰਦਰ ਬਣ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀਆਂ ਸਕੀਮਾਂ ਦੀ ਥਾਂ ਸਿਰਫ ਚੋਣਾਂ ਲੜਨ ਤੇ ਜਿੱਤਣ ਦੀਆਂ ਸਕੀਮਾਂ ਹੀ ਬਣਾਉਂਦੀਆਂ ਹਨ । ਰਾਮੂਵਾਲੀਆ ਨੇ ਹੋਰ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਸਲ ਮੁੱਦੇ ਛੱਡ ਕੇ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੀਆਂ ਹਨ।

ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਕਿਹਾ ਕਿ ਜਦੋਂ ਕੋਈ ਲੀਡਰ ਵਿਦੇਸ਼ ਆਵੇ ਤਾਂ ਉਸ ਦਾ ਗੁਲਦਸਤਿਆਂ ਨਾਲ ਸਵਾਗਤ ਕਰਨ ਦੀ ਥਾਂ ਆਪਣੀਆਂ ਸਮੱਸਿਆਵਾਂ ਦਾ ਪੇਪਰ ਦੇ ਕੇ ਸਵਾਲ ਕਰਨ ਦੀ ਆਦਤ ਪਾਓ । ਰਾਮੂਵਾਲੀਆ ਨੇ ਆਪਣੇ ਸੰਬੋਧਨ ਤੋਂ ਬਾਅਦ ਖੁੱਲ੍ਹਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਮੈਨੂੰ ਕੋਈ ਵੀ ਸਵਾਲ ਕਰਨਾ ਚਹੁੰਦਾ ਹੈ ਤਾਂ ਮਾਇਕ ਉੱਤੇ ਆ ਕੇ ਕਰ ਸਕਦਾ ਹੈ ।
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਉੱਪ ਚੇਅਰਮੈਨ ਰਹੇ ਪ੍ਰੋ: ਬਾਵਾ ਸਿੰਘ ਨੇ ਕਿਹਾ ਜਿੰਨ੍ਹਾ ਟਾਈਮ ਸ੍ਰ.ਰਾਮੂਵਾਲੀਆ ਵਰਗਾ ਤਜਰਬੇਕਾਰ ਤੇ ਪੜ੍ਹਿਆ ਲਿਖਿਆ ਲੀਡਰ ਪੰਜਾਬ ਦੀ ਵਾਗਡੋਰ ਨਹੀਂ ਫੜ੍ਹਦਾ ਉਨ੍ਹਾਂ ਟਾਇਮ ਸਮੱਸਿਆਵਾਂ ਨੇ ਪੰਜਾਬ ਦਾ ਖਹਿੜਾ ਨਹੀਂ ਛੱਡਣਾ। ਇਸ ਮੌਕੇ ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ ਮੰਡੀ ਕਲਾਂ, ਬੀਬੀ ਰੁਪਿੰਦਰ ਕੌਰ ਸਿੱਧੂ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਸੁਰਜੀਤ ਮਾਧੋਪੁਰੀ, ਸੁਖਵਿੰਦਰ ਸਿੰਘ ਚੋਹਲਾ ਆਦਿ ਬੁਲਾਰਿਆਂ ਨੇ ਰਾਮੂਵਾਲੀਆ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਇਸ ਮੌਕੇ ਸਰਪੰਚ ਭਾਗ ਸਿੰਘ ਦੁੱਨੇਕੇ, ਤੇਜਾ ਸਿੰਘ ਸਰਪੰਚ, ਕੌਰ ਸਿੰਘ, ਹਰਮਨ ਰਣਵਿਜੇ, ਕਰਨੈਲ ਸਿੰਘ ਸ਼ੇਰਪੁਰੀ, ਗੀਤਕਾਰ ਜਸਵੀਰ ਗੁਣਾਂਚੌਰੀਆ, ਹਰਜੀਤ ਗੁੱਡੂ, ਇੰਦਰਜੀਤ ਧਾਲੀਵਾਲ, ਦਲਜੀਤ ਰਾਏ, ਸੁਖਚੈਨ ਬਰਗਾੜੀ, ਹਰਵਿੰਦਰ ਵਿਰਕ, ਹਰਦੀਪ ਗਿੱਲ ਤੇ ਲਾਡੀ ਢਿਲਵਾਂ ਸਮੇਤ ਸੈਂਕੜੇ ਲੋਕ ਹਾਜ਼ਰ ਸਨ ।
ਅਮਰੀਕਾ 'ਚ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ
NEXT STORY