ਰੋਮ, (ਦਲਵੀਰ ਕੈਂਥ)- ਪੂਰੀ ਦੁਨੀਆ ਵਿਚ ਜਿੱਥੇ ਕੋਵਿਡ-19 ਨੇ ਲੋਕਾਂ ਨੂੰ ਭੱਵਿਖ ਪ੍ਰਤੀ ਡੂੰਘੀਆਂ ਚਿੰਤਾਵਾਂ ਵਿਚ ਉਲਝਾ ਰੱਖਿਆ ਹੈ, ਉੱਥੇ ਕੋਵਿਡ -19 ਕਾਰਨ ਹੋਈ ਤਾਲਾਬੰਦੀ ਨੇ ਘਰੇਲੂ ਹਿੰਸਕ ਘਟਨਾਵਾਂ ਵਿਚ ਵੀ ਵਾਧਾ ਕੀਤਾ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਜ਼ਿਆਦਾਤਰ ਜਨਾਨੀਆਂ ਹੀ ਹੋ ਰਹੀਆਂ ਹਨ।
ਈਸਾਈ ਧਰਮ ਦੇ ਮੁਖੀ ਪੋਪ ਫਰਾਂਸਿਸ ਨੇ ਆਪਣੀ ਫ਼ਰਵਰੀ ਮਹੀਨੇ ਦੀ ਵਿਸ਼ੇਸ ਪ੍ਰਾਥਨਾ ਵਿਚ ਕਿਹਾ ਕਿ ਬਹੁਤ ਸਾਰੀਆਂ ਜਨਾਨੀਆਂ ਘਰੇਲੂ ਅੱਤਿਆਚਾਰ ਦਾ ਸ਼ਿਕਾਰ ਹਨ ਅਤੇ ਸਮਾਜ ਨੂੰ ਉਨ੍ਹਾਂ ਦੀ ਬਿਹਤਰ ਸੁਰੱਖਿਆ ਲਈ ਸੰਜੀਦਾ ਹੋਣਾ ਚਾਹੀਦਾ ਹੈ। ਪੋਪ ਫਰਾਂਸਿਸ ਨੇ ਪ੍ਰਾਰਥਨਾ ਸਮੇਂ ਘਰੇਲੂ ਅੱਤਿਆਚਾਰ ਦੇ ਵਿਰੁੱਧ ਇਕ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹੋਏ ਅੱਗੇ ਕਿਹਾ ਕਿ ਲੱਖਾਂ ਜਨਾਨੀਆਂ ਰੋਜ਼ਾਨਾ ਮਨੋਵਿਗਿਆਨਕ ਹਿੰਸਾ, ਜੁਬਾਨੀ ਹਿੰਸਾ, ਸਰੀਰਕ ਹਿੰਸਾ, ਜਿਨਸੀ ਹਿੰਸਾ ਪੀੜਤ ਨਾਲ ਪ੍ਰਭਾਵਿਤ ਹੁੰਦੀਆਂ ਹਨ।
ਪੋਪ ਫਰਾਂਸਿਸ ਨੇ ਕਿਹਾ ਕਿ ਇਹ ਘਰੇਲੂ ਅੱਤਿਆਚਾਰ ਕਾਇਰਤਾ ਦੀ ਨਿਸ਼ਾਨੀ ਹੋਣ ਦੇ ਨਾਲ ਇਨਸਾਨ ਦੀ ਇਨਸਾਨੀਅਤ ਦਾ ਵੀ ਪਤਨ ਕਰਦੀ ਹੈ । ਇਨ੍ਹਾਂ ਗ਼ੈਰ-ਮਨੁੱਖੀ ਵਿਵਹਾਰਾਂ ਨੂੰ ਰੋਕਣ ਲਈ ਪੋਪ ਨੇ ਲੋਕਾਂ ਨੂੰ ਦੁਨੀਆ ਭਰ ਦੀਆਂ ਪੀੜਤਾਵਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਤਾਂ ਜੋ ਸਮਾਜ ਦੁਆਰਾ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ ।
ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਅੱਜ ਵੀ ਕਿੰਨੀਆਂ ਜਨਾਨੀਆਂ ਨੂੰ ਕੁੱਟਿਆ ਜਾਂਦਾ ਹੈ, ਅਪਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕੀਤਾ ਜਾਂਦਾ ਹੈ । ਦਰਅਸਲ ਸੰਯੁਕਤ ਰਾਜ ਦੀ ਰਿਪੋਰਟ ਅਨੁਸਾਰ 2020 ਦੇ ਨਵੰਬਰ ਵਿਚ ਅਪਡੇਟ ਹੋਏ ਅੰਕੜੇ ਹੈਰਾਨ ਕਰਨ ਵਾਲੇ ਹਨ, ਜਿਸ ਵਿਚ ਹਰ ਦਿਨ 137 ਜਨਾਨੀਆਂ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਵਲੋਂ ਮਾਰੀਆਂ ਜਾਂਦੀਆਂ ਹਨ।
ਵਿਸ਼ਵ ਪੱਧਰ 'ਤੇ 3 ਵਿਚੋਂ 1 ਔਰਤ ਸਰੀਰਕ ਜਾਂ ਜਿਣਸੀ ਅੱਤਿਆਚਾਰ ਦਾ ਸ਼ਿਕਾਰ ਹੁੰਦੀ ਹੈ । ਇਸ ਸਾਲ ਹੀ 15 ਤੋਂ 19 ਸਾਲ ਦੀਆਂ 15 ਮਿਲੀਅਨ ਕੁੜੀਆਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਹਨ । ਇਸ ਤੋਂ ਇਲਾਵਾ ਪਿਛਲੇ ਸਾਲ ਮਹਾਮਾਰੀ ਕਾਰਨ ਘਰੇਲੂ ਤਾਲਮੇਲ ਨਾ ਬਣਨ ਕਾਰਨ ਘਰੇਲੂ ਹਿੰਸਕ ਘਟਨਾਵਾਂ ਵਿਚ ਵਾਧਾ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਦੁਨੀਆ ਦੇ 155 ਦੇਸ਼ਾਂ ਵਿਚ ਜਨਾਨੀਆਂ ਉੱਪਰ ਅੱਤਿਆਚਾਰ ਨੂੰ ਰੋਕਣ ਲਈ ਕਾਨੂੰਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ।
ਨਵਲਨੀ ਦਾ ਸਮਰਥਨ ਕਰਨ 'ਤੇ ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟਾਂ ਨੂੰ ਕੱਢਿਆ
NEXT STORY