ਜਿਨੇਵਾ (ਇੰਟ.) - ਸਿੱਖਿਆ ਤੇ ਆਮਦਨ ਦਾ ਅਸਰ ਹੁਣ ਲੋਕਾਂ ਦੀ ਸਿਹਤ ’ਤੇ ਵੀ ਸਾਫ ਵਿਖਾਈ ਦੇ ਰਿਹਾ ਹੈ। ਘੱਟ ਪੜ੍ਹੇ-ਲਿਖੇ ਅਤੇ ਘੱਟ ਆਮਦਨ ਵਾਲੇ ਲੋਕਾਂ ’ਚ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਦਰ ਵੱਧ ਪਾਈ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਅਨੁਸਾਰ, ਪ੍ਰਾਇਮਰੀ ਸਿੱਖਿਆ ਤੋਂ ਵੀ ਘੱਟ ਪੜ੍ਹੇ-ਲਿਖੇ ਲੋਕਾਂ ’ਚ ਸ਼ੂਗਰ ਦੀ ਦਰ 14.8 ਫੀਸਦੀ ਹੈ, ਜਦਕਿ ਸੈਕੰਡਰੀ ਜਾਂ ਉਸ ਤੋਂ ਵਧੇਰੇ ਸਿੱਖਿਆ ਪ੍ਰਾਪਤ ਲੋਕਾਂ ’ਚ ਇਹ ਕੇਵਲ 7.4 ਫੀਸਦੀ ਹੈ। ਰਿਪੋਰਟ ਦੱਸਦੀ ਹੈ ਕਿ ਗੈਰ-ਸੰਚਾਰੀ ਬੀਮਾਰੀਆਂ ਦਾ ਖਤਰਾ ਕੇਵਲ ਉਮਰ ਤੇ ਸਰੀਰਕ ਕਾਰਨਾਂ ਨਾਲ ਤੈਅ ਨਹੀਂ ਹੁੰਦਾ, ਸਗੋਂ ਸਮਾਜਿਕ, ਆਰਥਿਕ ਅਤੇ ਵਿੱਦਿਅਕ ਸਥਿਤੀਆਂ ਵੀ ਇਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਔਰਤਾਂ ’ਚ ਹਾਈ ਬੀ. ਪੀ. ਦਾ ਖਤਰਾ ਵੱਧ
ਰਿਪੋਰਟ ਅਨੁਸਾਰ, ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਇਕੱਠਿਆਂ ਹੋਣਾ ਦਿਲ ਦੇ ਦੌਰੇ, ਕਿਡਨੀ ਦੀਆਂ ਬੀਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵਧਾ ਦਿੰਦਾ ਹੈ। ਸ਼ੂਗਰ ਤੋਂ ਪੀੜਤ ਬਾਲਗਾਂ ’ਚ ਹਾਈਪਰਟੈਨਸ਼ਨ ਦੀ ਦਰ ਵੀ ਸਿੱਖਿਆ ਦੇ ਪੱਧਰ ਨਾਲ ਬਦਲਦੀ ਹੈ। ਸਭ ਤੋਂ ਘੱਟ ਸਿੱਖਿਅਤ ਵਰਗ ’ਚ ਇਹ ਦਰ 69.7 ਫੀਸਦੀ ਹੈ, ਜਦਕਿ ਉੱਚ ਸਿੱਖਿਅਤ ਵਰਗ ’ਚ 55 ਫੀਸਦੀ ਦਰਜ ਕੀਤੀ ਗਈ। ਔਰਤਾਂ ’ਚ ਇਹ ਸਮੱਸਿਆ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਨ੍ਹਾਂ ਨੂੰ ਸਿਹਤ ਸੇਵਾਵਾਂ ਤੱਕ ਪਹੁੰਚਣ ’ਚ ਆਰਥਿਕ ਤੇ ਸਮਾਜਿਕ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਸਮੇਂ ’ਤੇ ਜਾਂਚ ਅਤੇ ਇਲਾਜ ’ਚ ਪੱਛੜ ਰਹੇ ਗਰੀਬ
ਘੱਟ ਸਿੱਖਿਆ ਦਾ ਅਸਰ ਬੀਮਾਰੀ ਦੀ ਰੋਕਥਾਮ ਤੇ ਇਲਾਜ ’ਤੇ ਵੀ ਪੈਂਦਾ ਹੈ। ਸਿਹਤ ਸਬੰਧੀ ਜਾਣਕਾਰੀ ਦੀ ਘਾਟ, ਆਰਥਿਕ ਤੰਗੀ ਅਤੇ ਨਿਯਮਿਤ ਜਾਂਚ ਦੀਆਂ ਸਹੂਲਤਾਂ ਨਾ ਮਿਲਣ ਕਾਰਨ ਗਰੀਬ ਪਰਿਵਾਰਾਂ ’ਚ ਬੀਮਾਰੀਆਂ ਦਾ ਪਤਾ ਅਕਸਰ ਦੇਰ ਨਾਲ ਲੱਗਦਾ ਹੈ। ਸੰਤੁਲਿਤ ਖੁਰਾਕ, ਕਸਰਤ ਅਤੇ ਜੀਵਨਸ਼ੈਲੀ ’ਚ ਸੁਧਾਰ ਦੇ ਮਹੱਤਵ ਦੀ ਜਾਣਕਾਰੀ ਦੀ ਘਾਟ ਵੀ ਬੀਮਾਰੀ ਦਾ ਜੋਖਮ ਵਧਾ ਸਕਦੀ ਹੈ। ਘੱਟ ਪੜ੍ਹੇ-ਲਿਖੇ ਮਰਦਾਂ ’ਚ ਤੰਬਾਕੂ ਸੇਵਨ ਦੀ ਵਧੇਰੇ ਦਰ ਵੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਤੰਬਾਕੂ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵਧਾਉਂਦਾ ਹੈ।
ਸਰਵਾਈਕਲ ਕੈਂਸਰ ਦੀ ਜਾਂਚ ’ਚ ਵੱਡੀ ਅਸਮਾਨਤਾ
ਰਿਪੋਰਟ ਅਨੁਸਾਰ, ਸਾਲ 2019 ’ਚ 30 ਤੋਂ 49 ਸਾਲ ਦੀਆਂ ਔਰਤਾਂ ’ਚ ਸਰਵਾਈਕਲ ਕੈਂਸਰ ਦੀ ਗਲੋਬਲ ਸਕ੍ਰੀਨਿੰਗ ਦਰ 35 ਫੀਸਦੀ ਸੀ। ਉੱਚ ਆਮਦਨ ਵਾਲੇ ਦੇਸ਼ਾਂ ’ਚ ਇਹ ਦਰ 83 ਫੀਸਦੀ ਤੱਕ ਪਹੁੰਚ ਗਈ, ਜਦਕਿ ਹੇਠਲੇ ਅਤੇ ਹੇਠਲੇ-ਦਰਮਿਆਨੇ ਆਮਦਨ ਵਾਲੇ ਦੇਸ਼ਾਂ ’ਚ ਇਹ ਕੇਵਲ 8 ਤੋਂ 11 ਫੀਸਦੀ ਦੇ ਆਸ-ਪਾਸ ਰਹੀ। ਜਾਂਚ ’ਚ ਦੇਰੀ ਹੋਣ ਨਾਲ ਬੀਮਾਰੀ ਦੀ ਪਛਾਣ ਦੇਰ ਨਾਲ ਹੁੰਦੀ ਹੈ ਅਤੇ ਇਲਾਜ ਔਖਾ ਹੋ ਸਕਦਾ ਹੈ।
ਭਾਰਤ ’ਚ ਵੀ ਚੁਣੌਤੀ ਗੰਭੀਰ
ਭਾਰਤ ’ਚ ਗਰੀਬ, ਘੱਟ ਪੜ੍ਹੀਆਂ-ਲਿਖੀਆਂ ਅਤੇ ਦਿਹਾਤੀ ਔਰਤਾਂ ਵਿਚ ਸਰਵਾਈਕਲ ਕੈਂਸਰ ਦੀ ਸ਼ੁਰੂਆਤੀ ਜਾਂਚ ਦੀ ਦਰ ਬਹੁਤ ਘੱਟ ਦੱਸੀ ਗਈ ਹੈ। ਉਪਲੱਬਧ ਅਧਿਐਨਾਂ ਅਨੁਸਾਰ, ਦੇਸ਼ ’ਚ 2 ਫੀਸਦੀ ਤੋਂ ਵੀ ਘੱਟ ਔਰਤਾਂ ਦੀ ਸਕ੍ਰੀਨਿੰਗ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮਾਹਰਾਂ ਮੁਤਾਬਕ, ਸਿਹਤ ਸੇਵਾਵਾਂ ਦੀ ਉਪਲੱਬਧਤਾ ਵਧਾਉਣ, ਜਾਗਰੂਕਤਾ ਮੁਹਿੰਮ ਚਲਾਉਣ ਅਤੇ ਸਸਤੀਆਂ ਜਾਂਚ ਸਹੂਲਤਾਂ ਉਪਲੱਬਧ ਕਰਵਾਉਣ ਨਾਲ ਇਸ ਅੰਤਰ ਨੂੰ ਘੱਟ ਕੀਤਾ ਜਾ ਸਕਦਾ ਹੈ। ਸਿਹਤ ਅਸਮਾਨਤਾ ਦੂਰ ਕਰਨ ਲਈ ਸਿੱਖਿਆ, ਆਰਥਿਕ ਸਹਾਇਤਾ ਅਤੇ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।
ਆ ਗਿਆ 6.9 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ ਗਿਆ ਵਾਨੂਆਤੂ ਇਲਾਕਾ
NEXT STORY