ਸੂਰੀਨਾਮ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੇ ਦਿਨ ਸੂਰੀਨਾਮ 'ਚ ਆਪਣੇ ਹਮਰੁਤਬਾ ਡੀ. ਡੀ. ਬੂਟਰਜ਼ ਨਾਲ ਕੌਮਾਂਤਰੀ ਯੋਗਾ ਦਿਵਸ ਦੇ ਸਮਾਗਮ 'ਚ ਹਿੱਸਾ ਲਿਆ। ਇਹ ਪਹਿਲੀ ਵਾਰ ਹੋਇਆ ਕਿ ਜਦ ਦੋ ਦੇਸ਼ਾਂ ਦੇ ਰਾਸ਼ਟਰਪਤੀ ਇਕੋ ਮੰਚ 'ਤੇ ਇਕੱਠੇ ਯੋਗਾ ਕਰ ਰਹੇ ਸਨ। ਦੋਵਾਂ ਨੇ ਚਿੱਟੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਮਿਲ ਕੇ ਯੋਗਾ ਕਰ ਰਹੇ ਸਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ,'ਕੌਮਾਂਤਰੀ ਯੋਗ ਦਿਵਸ ਉਤਸਵ 'ਚ ਭਾਰਤ ਤੋਂ 14,000 ਕਿਲੋਮੀਟਰ ਦੂਰ ਭਾਗ ਲੈਣ 'ਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪਰਮਾਰਿਬੋ 'ਚ ਸੂਰੀਨਾਮ ਦੇ ਰਾਸ਼ਟਰਪਤੀ ਨੇ ਵੀ ਹਿੱਸਾ ਲਿਆ। ਮੈਂ ਸਾਰੇ ਯੋਗੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇੱਥੇ ਭਾਗ ਲੈ ਕੇ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ।''
ਤੁਹਾਨੂੰ ਦੱਸ ਦਈਏ ਕਿ ਕੋਵਿੰਦ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਗਏ ਹੋਏ ਹਨ। ਉਹ ਗ੍ਰੀਸ, ਸੂਰੀਨਾਮ ਅਤੇ ਕਿਊਬਾ ਦੀ ਯਾਤਰਾ ਦੇ ਦੂਜੇ ਪੜਾਅ ਤਹਿਤ ਸੂਰੀਨਾਮ ਵਿਖੇ ਪਹੁੰਚੇ ਸਨ। ਉਨ੍ਹਾਂ ਨੇ ਸੂਰੀਨਾਮ ਦੇ ਰਾਸ਼ਟਰਪਤੀ ਨਾਲ ਦੁਵੱਲੀ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਅਤੇ ਸਹਿਯੋਗ ਦੇ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਵਫਦ ਪੱਧਰੀ ਗੱਲਬਾਤ 'ਚ ਦੋਵਾਂ ਧਿਰਾਂ ਨੇ ਦੁਵੱਲੇ ਏਜੰਡੇ ਨੂੰ ਵਿਸਥਾਰ ਦੇਣ ਦੀ ਸਹਿਮਤੀ ਪ੍ਰਗਟ ਕੀਤੀ ਹੈ। ਇਨ੍ਹਾਂ 'ਚ ਆਰਥਿਕ ਸੰਬੰਧਾਂ, ਸੱਭਿਆਚਾਰਕ ਸਹਿਯੋਗ ਅਤੇ ਵਿਕਾਸ ਭਾਈਵਾਲੀ ਦੇ ਖੇਤਰਾਂ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ।
ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2014 'ਚ 21 ਜੂਨ ਨੂੰ ਹਰ ਸਾਲ ਕੌਮਾਂਤਰੀ ਯੋਗ ਦਿਵਸ ਦੇ ਰੂਪ 'ਚ ਮਨਾਉਣ ਦੀ ਘੋਸ਼ਣਾ ਕੀਤੀ ਸੀ ਅਤੇ ਇਸ ਤੋਂ ਬਾਅਦ ਹਰ ਸਾਲ ਵੱਡੇ ਪੱਧਰ 'ਤੇ ਭਾਰਤ ਸਮੇਤ ਕਈ ਦੇਸ਼ ਯੋਗਾ ਦਿਵਸ ਮਨਾਉਂਦੇ ਹਨ।
4 ਦੇਸ਼ਾਂ ਦੀ ਯਾਤਰਾ 'ਤੇ ਗਈ ਸੁਸ਼ਮਾ ਸਵਰਾਜ ਨੇ ਬੈਲਜੀਅਮ 'ਚ ਕੀਤਾ ਯੋਗਾ
NEXT STORY