ਇਸਲਾਮਾਬਾਦ (ਏ. ਐੱਨ.ਆਈ.)-ਪਾਕਿਸਤਾਨ ’ਚ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ, ਜਿਸ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਹੈ। ਵਧਦੀ ਮਹਿੰਗਾਈ ਕਾਰਨ ਲੋਕਾਂ ਨੂੰ ਆਪਣੇ ਰੋਜ਼ਮੱਰਾ ਦੇ ਖਰਚੇ ਪੂਰੇ ਕਰਨ ’ਚ ਵੀ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿ ’ਚ ਖਾਣ-ਪੀਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ’ਚ ਦੇਸ਼ ਵਿਚ ਮਹਿੰਗਾਈ ਦੀ ਦਰ 11.5 ਫੀਸਦੀ ਤੋਂ ਵਧ ਕੇ 12.3 ਹੋ ਗਈ ਹੈ, ਜੋ ਪਿਛਲੇ 21 ਮਹੀਨਿਆਂ ’ਚ ਸਭ ਤੋਂ ਵੱਧ ਹੈ। ਪੀ. ਬੀ. ਐੱਸ. ਨੇ ਆਪਣੇ ਤਾਜ਼ਾ ਅੰਕੜੇ 1 ਜਨਵਰੀ 2022 ਸਾਂਝੇ ਕੀਤੇ ਹਨ। ‘ਦਿ ਡਾਨ’ ਅਖਬਾਰ ਦੀ ਖ਼ਬਰ ਮੁਤਾਬਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ’ਚ ਮਹਿੰਗਾਈ ਦੀ ਦਰ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀ. ਪੀ. ਆਈ.) ’ਤੇ ਬੀਤੇ 21 ਮਹੀਨਿਆਂ ’ਚ ਸਭ ਤੋਂ ਵੱਧ ਵਧੀ ਹੈ। ਹਾਲਾਂਕਿ ਇਸ ਦਾ ਕਾਰਨ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਇਤਿਹਾਸ ’ਚ ਤੇਲ ਦੀਆਂ ਕੀਮਤਾਂ ’ਚ ਇੰਨਾ ਉਛਾਲ ਕਦੇ ਨਹੀਂ ਆਇਆ ਹੈ, ਜਿੰਨਾ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਹਰ ਪਾਸੇ ਦਿਖਾਈ ਦੇ ਰਿਹਾ ਹੈ। ਖਾਣ-ਪੀਣ ਦੀਆਂ ਵਸਤੂਆਂ ਤੋਂ ਲੈ ਕੇ ਹੋਰ ਵਸਤੂਆਂ ਦੀਆਂ ਕੀਮਤਾਂ ’ਚ ਅਥਾਹ ਵਾਧਾ ਹੋਇਆ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਮਾਲ ਢੋਆਈ ਵਧ ਗਈ ਹੈ, ਜਿਸ ਕਾਰਨ ਇਸ ਦਾ ਅਸਰ ਹੋਰ ਚੀਜ਼ਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਦੋ ਸਾਲਾਂ ਦੌਰਾਨ ਮਹਿੰਗਾਈ ’ਚ ਸਭ ਤੋਂ ਤੇਜ਼ੀ ਨਾਲ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਵਧਦੀਆਂ ਕੀਮਤਾਂ ਦਾ ਅਸਰ ਸਿਰਫ਼ ਖਾਣ-ਪੀਣ ਦੀਆਂ ਵਸਤੂਆਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੇਸ਼ ’ਚ ਬਿਜਲੀ ਦਰਾਂ, ਮਕਾਨ ਦਾ ਕਿਰਾਇਆ, ਟਰਾਂਸਪੋਰਟ ਅਤੇ ਹੋਰ ਚੀਜ਼ਾਂ ’ਤੇ ਵੀ ਆਮ ਲੋਕਾਂ ਦਾ ਖਰਚਾ ਵੀ ਕਾਫ਼ੀ ਵਧ ਗਿਆ ਹੈ। ਪੀ.ਬੀ.ਐੱਸ. ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ’ਚ ਖੁਰਾਕੀ ਮਹਿੰਗਾਈ ’ਚ ਲੱਗਭਗ 11.7 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਪੇਂਡੂ ਖੇਤਰਾਂ ’ਚ ਇਹ 9 ਫੀਸਦੀ ਹੈ।
ਮੌਜੂਦਾ ਸਮੇਂ ’ਚ ਦੇਸ਼ ਵਿਚ ਕੁਕਿੰਗ ਆਇਲ ’ਚ ਤਕਰੀਬਨ 6 ਫੀਸਦੀ ਤੋਂ ਵੱਧ, ਫਲਾਂ ਦੀਆਂ ਕੀਮਤਾਂ ’ਚ ਲਗਭਗ 5 ਫੀਸਦੀ, ਕਣਕ ਦੇ ਆਟੇ ’ਚ ਲੱਗਭਗ 3-5 ਫੀਸਦੀ, ਦਾਲਾਂ ’ਚ ਲਗਭਗ 9 ਫੀਸਦੀ ਦਾ ਵਾਧਾ ਹੋਇਆ ਹੈ। ਵਧਦੀ ਮਹਿੰਗਾਈ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਇਮਰਾਨ ਖਾਨ ’ਤੇ ਨਿਸ਼ਾਨਾ ਸਾਧ ਰਹੀਆਂ ਹਨ। ਦੇਸ਼ ਦੀ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੀ.ਪੀ.ਪੀ. ਨੇਤਾ ਬਿਲਾਵਲ ਭੁੱਟੋ ਦਾ ਕਹਿਣਾ ਹੈ ਕਿ ਇਮਰਾਨ ਮਹਿੰਗਾਈ ਨੂੰ ਕਾਬੂ ਕਰਨ ’ਚ ਨਾਕਾਮ ਸਾਬਤ ਹੋਏ ਹਨ।
ਸਿੰਗਾਪੁਰ 'ਚ ਇਕ ਭਾਰਤੀ ਨੇ ਹਮਵਤਨ ਦਾ ਕੀਤਾ ਕਤਲ, ਹੋਵੇਗੀ ਸਜ਼ਾ
NEXT STORY