ਇੰਟਰਨੈਸ਼ਨਲ ਡੈਸਕ : ਚਾਰ ਮਹੀਨੇ ਹੋਈ ਭਿਆਨਕ ਬਾਰਿਸ਼ ਕਾਰਨ ਪਾਕਿਸਤਾਨ ਦੇ ਹਾਲਾਤ ਤਰਸਯੋਗ ਹੋ ਗਏ ਹਨ। ਇਕ ਪਾਸੇ ਜਿੱਥੇ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਜੀਵਨ ਅਤੇ ਬਿਮਾਰੀਆਂ ਨਾਲ ਜੂਝ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਦਫ਼ਨ ਕਰਨ ਲਈ ਜ਼ਮੀਨ ਵੀ ਨਸੀਬ ਨਹੀ ਹੋ ਰਹੀ।
ਜਾਣਕਾਰੀ ਮੁਤਾਬਕ ਦੱਖਣੀ ਪਾਕਿਸਤਾਨ 'ਚ ਹੋਈ ਭਿਆਨਕ ਬਾਰਿਸ਼ ਕਾਰਨ ਦਾਦੂ ਜ਼ਿਲ੍ਹੇ 'ਚ ਪੈਂਦੇ ਪਿੰਡ ਕਮਾਲ ਖ਼ਾਨ ਦਾ ਕਬਰਸਤਾਨ ਵੀ ਪੂਰੀ ਤਰ੍ਹਾਂ ਡੁੱਬ ਗਿਆ। ਉੱਧਰ, ਹੜ੍ਹ ਕਾਰਨ ਫੈਲੀਆਂ ਬਿਮਾਰੀਆਂ ਕਾਰਨ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਹਾਲਾਤ ਇਹ ਹਨ ਕਿ ਪਰਿਵਾਰਕ ਮੈਂਬਰਾਂ ਨੂੰ ਮੌਤ ਤੋਂ ਬਾਅਦ ਮ੍ਰਿਤਕ ਦੇਹ ਦਫ਼ਨਾਉਣ ਲਈ ਜਗ੍ਹਾ ਨਹੀ ਮਿਲ ਰਹੀ ਤੇ ਮਜਬੂਰੀਵੱਸ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਲਾਸ਼ ਪਹਾੜੀਆਂ ਅਤੇ ਸੜਕਾਂ 'ਤੇ ਦਫ਼ਨਾਉਣੀਆਂ ਪੈ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਦੇ ਇੱਕ ਹਸਪਤਾਲ ਦੀ ਛੱਤ ਤੋਂ ਮਿਲੀਆਂ 500 ਲਾਸ਼ਾਂ, ਕਈਆਂ ਦੇ ਅੰਗ ਗ਼ਾਇਬ
ਪਿੰਡ ਦੇ ਇਕ ਬਾਸ਼ਿੰਦੇ ਅਕਬਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਸ ਦੀ ਮਾਂ ਨੂੰ ਮਲੇਰੀਆ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹੈਦਰਾਬਾਦ ਲੈ ਜਾਣ ਲਈ ਕਿਹਾ ਗਿਆ। ਇਸ ਲਈ ਕਾਫ਼ੀ ਜੱਦੋ-ਜਹਿਦ ਕਰਨ ਦੇ ਬਾਵਜੂਦ ਉਸ ਨੂੰ ਕਿਸ਼ਤੀ ਜਾਂ ਕੋਈ ਹੋਰ ਵਸੀਲਾ ਨਹੀ ਮਿਲਿਆ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਮਾਂ ਦੀ ਦੇਹ ਦਫ਼ਨਾਉਣ ਲਈ ਅਕਬਰ ਪਿੰਡ ਦੇ ਕਬਰਸਤਾਨ ਵਿਚ ਗਿਆ ਪਰ ਉਹ ਪੂਰੀ ਤਰ੍ਹਾਂ ਡੁੱਬਿਆ ਹੋਇਆ ਸੀ। ਹਾਰ ਕੇ ਉਸ ਨੇ ਇਕ ਉੱਚੀ ਪਹਾੜੀ 'ਤੇ ਜ਼ਮੀਨ ਲੱਭ ਕੇ ਲਾਸ਼ ਨੂੰ ਦਫ਼ਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਕਰਜ਼ੇ 'ਚ ਡੁੱਬੇ ਪਾਕਿਸਤਾਨ ਦਾ ਖਜ਼ਾਨਾ ਹੋਇਆ ਖਾਲ੍ਹੀ, ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਵਿਦੇਸ਼ੀ ਮੁਦਰਾ ਭੰਡਾਰ
ਇਸੇ ਤਰ੍ਹਾਂ ਪਿੰਡ ਦੇ ਹੀ ਨੌਜਵਾਨ ਅਲੀ ਅਕਬਰ ਦੀ ਮਾਂ ਦਾ ਮਲੇਰੀਆ ਕਾਰਨ ਦੇਹਾਂਤ ਹੋ ਗਿਆ। ਉਸ ਨੂੰ ਲਾਸ਼ ਦਫ਼ਨਾਉਣ ਲਈ ਕਬਰਸਤਾਨ ਵਿਚ ਕਿਤੇ ਵੀ ਸੁੱਕੀ ਜ਼ਮੀਨ ਨਹੀ ਮਿਲੀ। ਉਹ ਅਜੇ ਵੀ ਲਾਸ਼ ਦਫ਼ਨਾਉਣ ਲਈ ਜ਼ਮੀਨ ਦੀ ਭਾਲ ਵਿਚ ਹੈ। ਇਸੇ ਤਰ੍ਹਾਂ 10 ਸਾਲਾ ਇਮਾਨ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਆਪਣੇ ਪਿੰਡ ਦੇ ਕਬਰਸਤਾਨ ਵਿਚ ਜ਼ਮੀਨ ਦੀ ਭਾਲ ਕਰਦੇ ਰਹੇ ਪਰ ਚਾਰੇ ਪਾਸੇ ਪਾਣੀ ਭਰਿਆ ਹੋਇਆ ਸੀ। ਹਾਰ ਕੇ ਉਹ ਨੇੜਲੇ ਪਿੰਡ ਦੇ ਕਬਰਸਤਾਨ ਪੁੱਜੇ ਜਿੱਥੇ ਕਾਫ਼ੀ ਮਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਢੁਕਵੀਂ ਥਾਂ ਮਿਲੀ ਜਿੱਥੇ ਇਮਾਨ ਦੀ ਮ੍ਰਿਤਕ ਦੇਹ ਸਪੁਰਦ-ਏ-ਖ਼ਾਕ ਕੀਤੀ ਗਈ।
ਹੋਰ ਵਿਗੜ ਸਕਦੇ ਹਨ ਹਾਲਾਤ
ਪਾਕਿਸਤਾਨ ਵਿਚ ਜਿੱਥੇ ਹੜ੍ਹਾਂ ਕਾਰਨ ਬਿਮਾਰੀਆਂ ਤੇ ਮੌਤਾਂ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਭਿਆਨਕ ਰੂਪ ਧਾਰ ਸਕਦੇ ਹਨ। ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਮਲੇਰੀਆ, ਡੇਂਗੂ, ਡਾਇਰੀਆ ਆਦਿ ਕਾਰਨ ਹੋਣ ਵਾਲੀਆਂ ਮੌਤਾਂ ਦੀ ਦੂਜੀ ਲਹਿਰ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਪਾਕਿਸਤਾਨ ਵਿਚ ਤਕਰੀਬਨ ਸਾਢੇ 3 ਕਰੋੜ ਲੋਕ ਹੜ੍ਹਾਂ ਦੀ ਲਪੇਟ ਵਿਚ ਆਏ ਹਨ ਜਿਨ੍ਹਾਂ ਚੋਂ 1500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕਈ ਲੋਕ ਬਿਮਾਰੀਆਂ ਨਾਲ ਜੂਝ ਰਹੇ ਹਨ।
ਇਟਲੀ 'ਚ ਭਗਵਾਨ ਸਿੰਘ ਚੌਹਾਨ ਦਾ ਵਿਸ਼ੇਸ਼ ਸਨਮਾਨ
NEXT STORY