ਢਾਕਾ— ਸੰਯੁਕਤ ਰਾਸ਼ਟਰ ਦੇ ਤਾਜ਼ਾ ਅਧਿਐਨ 'ਚ ਪਤਾ ਲੱਗਾ ਹੈ ਕਿ ਬੰਗਲਾਦੇਸ਼ 'ਚ ਹਾਲ ਹੀ 'ਚ ਆਏ 90 ਫੀਸਦੀ ਰੋਹਿੰਗਿਆ ਸ਼ਰਣਾਰਥੀ ਐਮਰਜੈਂਸੀ ਖਾਧ ਸਹਾਇਤਾ ਮਿਲਣ ਦੇ ਬਾਵਜੂਦ ਕੁਪੋਸ਼ਣ ਦੇ ਸ਼ਿਕਾਰ ਹਨ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹਕ ਨੇ ਦੱਸਿਆ ਕਿ 'ਵਿਸ਼ਵ ਖਾਧ ਪ੍ਰੋਗਰਾਮ ਰੋਹਿੰਗਿਆ ਐਮਰਜੈਂਸੀ ਰਿਸਕ ਮੁਲਾਂਕਣ ਅਤੇ ਖਾਧ ਸੁਰੱਖਿਆ ਖੇਤਰ' 'ਚ ਸਾਥੀਆਂ ਨੇ ਪਿਛਲੇ ਸਾਲ ਨਵੰਬਰ ਅਤੇ ਦਸੰਬਰ 'ਚ ਚੰਗੇ ਅਤੇ ਕਈ ਤਰ੍ਹਾਂ ਦੇ ਸੰਤੁਲਿਤ ਭੋਜਨ ਦੀ ਸੀਮਤ ਪਹੁੰਚ 'ਤੇ ਚਿੰਤਾ ਪ੍ਰਗਟ ਕੀਤੀ ਸੀ। ਹਕ ਨੇ ਕਿਹਾ ਕਿ ਤਕਰੀਬਨ 90 ਹਜ਼ਾਰ ਲੋਕਾਂ ਨੂੰ ਡਬਲਿਊ ਐੱਫ. ਪੀ. ਦੇ ਈ-ਵਾਊਚਰ ਪ੍ਰੋਗਰਾਮ ਨਾਲ ਜੋੜਿਆ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੂੰ ਪ੍ਰੀ-ਪੇਡ ਡੈਬਿਟ ਕਾਰਡ ਦਿੱਤਾ ਜਾਂਦਾ ਹੈ। ਇਸ ਕਾਰਡ 'ਚ ਉਪਲਬਧ ਧਨਰਾਸ਼ੀ ਨਾਲ ਚਾਵਲ, ਤਾਜ਼ੀਆਂ ਸਬਜ਼ੀਆਂ, ਆਂਡੇ, ਸੁੱਕੀਆਂ ਮੱਛੀਆਂ ਸਮੇਤ ਕਈ ਤਰ੍ਹਾਂ ਦੇ ਖਾਧ ਪਦਾਰਥ ਖਰੀਦੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਰਣਾਰਥੀਆਂ ਲਈ ਡਬਲਿਊ ਐੱਫ. ਪੀ. ਦਾ ਖਾਧ ਵੰਡ ਪ੍ਰੋਗਰਾਮ ਵਧਾਇਆ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਚਾਵਲ, ਤੇਲ ਅਤੇ ਮਸਰਾਂ ਦੀ ਦਾਲ ਮਿਲ ਸਕੇ। ਜ਼ਰੂਰੀ ਕੈਲੋਰੀ ਦੇਣ ਵਾਲੀ ਇਸ ਐਮਰਜੈਂਸੀ ਪ੍ਰਣਾਲੀ 'ਚ ਖਾਣੇ ਦੇ ਬਦਲਾਅ 'ਚ ਕਮੀ ਹੈ। ਅਧਿਐਨ ਮੁਤਾਬਕ ਇਸ ਸਹਾਇਤਾ ਪ੍ਰੋਗਰਾਮ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ।
ਚਾਬਹਾਰ ਵਿਖੇ ਸਮੁੰਦਰੀ ਫੌਜ ਬੇਸ ਬਣਾਏਗਾ 'ਡਰੈਗਨ'
NEXT STORY