ਕੀਵ (ਏਜੰਸੀਆਂ) : ਰੂਸ ਨੇ ਯੂਕ੍ਰੇਨ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਉਂਦੇ ਹੋਏ 300 ਤੋਂ ਵੱਧ ਡਰੋਨ ਅਤੇ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਕਿਹਾ ਕਿ ਮਾਸਕੋ ਵਲੋਂ ਜੰਗ ਖਤਮ ਕਰਨ ਦੀ ਕੋਈ ਇੱਛਾ ਫਿਲਹਾਲ ਦਿਖਾਈ ਨਹੀਂ ਦੇ ਰਹੀ ਹੈ।
ਕੀਵ ਦੇ ਮੇਅਰ ਵਿਟਾਲੀ ਕਿਲਟੂਸਕੋ ਅਨੁਸਾਰ ਸੋਮਵਾਰ ਰਾਤ ਹੋਏ ਇਸ ਹਮਲੇ ਕਾਰਨ ਰਾਜਧਾਨੀ ਵਿਚ 5,600 ਤੋਂ ਵੱਧ ਅਪਾਰਟਮੈਂਟ ਇਮਾਰਤਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਮਾਰਤਾਂ ਵਿਚੋਂ ਲਗਭਗ 80 ਫੀਸਦੀ ਵਿਚ ਹਾਲ ਹੀ ਵਿਚ 9 ਜਨਵਰੀ ਨੂੰ ਹੋਏ ਵੱਡੇ ਰੂਸੀ ਹਮਲੇ ਤੋਂ ਬਾਅਦ ਬਿਜਲੀ ਬਹਾਲ ਕੀਤੀ ਗਈ ਸੀ। ਉਸ ਸਮੇਂ ਹਜ਼ਾਰਾਂ ਲੋਕ ਕਈ ਦਿਨਾਂ ਤਕ ਬਿਜਲੀ ਗੁੱਲ ਰਹਿਣ ਕਾਰਨ ਪ੍ਰਭਾਵਿਤ ਹੋਏ ਸਨ।
ਯੂਕ੍ਰੇਨ ਹਾਲ ਹੀ ਦੇ ਸਾਲਾਂ ਦੇ ਸਭ ਤੋਂ ਠੰਢੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ। ਕੀਵ ਵਿਚ ਤਾਪਮਾਨ ਮਾਈਨਸ 20 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਇਸ ਦੌਰਾਨ ਰੂਸ ਨੇ ਬਿਜਲੀ ਗਰਿੱਡ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ, ਜਿਨ੍ਹਾਂ ਦਾ ਉਦੇਸ਼ ਯੂਕ੍ਰੇਨ ਦੇ ਲੋਕਾਂ ਨੂੰ ਹੀਟਿੰਗ ਉਪਕਰਨਾਂ ਦੀ ਵਰਤੋਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਵਾਂਝਾ ਕਰਨਾ ਹੈ। ਇਹ ਹਮਲੇ 24 ਫਰਵਰੀ 2022 ਨੂੰ ਸ਼ੁਰੂ ਹੋਏ ਹਮਲੇ ਦੇ ਲਗਭਗ ਚਾਰ ਸਾਲਾਂ ਬਾਅਦ ਉਨ੍ਹਾਂ ਦੇ ਹੌਸਲੇ ਨੂੰ ਕਮਜ਼ੋਰ ਕਰਨ ਲਈ ਕੀਤੇ ਜਾ ਰਹੇ ਹਨ।
ਯੂਕ੍ਰੇਨੀ ਅਧਿਕਾਰੀ ਅਮਰੀਕਾ ਦੀ ਅਗਵਾਈ ਵਿਚ ਚੱਲ ਰਹੀ ਸ਼ਾਂਤੀ ਗੱਲਬਾਤ ਦੀ ਗਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ੇਲੈਂਸਕੀ ਅਨੁਸਾਰ ਯੂਕ੍ਰੇਨ ਦੀ ਇਕ ਗੱਲਬਾਤ ਟੀਮ ਸ਼ਨੀਵਾਰ ਅਮਰੀਕਾ ਪਹੁੰਚੀ ਹੈ। ਉਨ੍ਹਾਂ ਦਾ ਮੁੱਖ ਉਦੇਸ਼ ਇਹ ਦੱਸਣਾ ਹੈ ਕਿ ਰੂਸ ਦੇ ਲਗਾਤਾਰ ਹਮਲੇ ਕੂਟਨੀਤਕ ਯਤਨਾਂ ਨੂੰ ਕਿਸ ਤਰ੍ਹਾਂ ਕਮਜ਼ੋਰ ਕਰ ਰਹੇ ਹਨ।
ਵੱਡਾ ਅੱਤਵਾਦੀ ਹਮਲਾ ! ਨਾਈਜੀਰੀਆ 'ਚ 5 ਜਵਾਨ ਤੇ 1 ਪੁਲਸ ਮੁਲਾਜ਼ਮ ਦੀ ਮੌਤ
NEXT STORY