ਇੰਟਰਨੈਸ਼ਨਲ ਡੈਸਕ- ਇਕ ਪਾਸੇ ਰੂਸ ਦੀ ਯੂਕ੍ਰੇਨ ਨਾਲ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਉੱਥੇ ਹੀ ਉਸ ਦੇ ਯੂਰਪੀ ਦੇਸ਼ਾਂ ਨਾਲ ਵੀ ਰਿਸ਼ਤੇ ਤਣਾਅਪੂਰਨ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਬ੍ਰਿਟੇਨ ਨੇ ਰੂਸ 'ਤੇ ਸਮੁੰਦਰ ਨੇੜੇ ਨਿਗਰਾਨੀ ਕਰ ਰਹੇ ਰਾਇਲ ਏਅਰ ਫੋਰਸ ਦੇ ਪਾਇਲਟਾਂ 'ਤੇ ਲੇਜ਼ਰਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ।
ਬ੍ਰਿਟੇਨ ਦੇ ਰੱਖਿਆ ਸਕੱਤਰ ਜੌਨ ਹੀਲੀ ਨੇ ਇਸ ਕਾਰਵਾਈ ਨੂੰ ''ਖਤਰਨਾਕ" ਦੱਸਿਆ ਹੈ ਅਤੇ ਕਿਹਾ ਕਿ ਸਰਕਾਰ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਹੀਲੀ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਪਿਛਲੇ ਕੁਝ ਹਫ਼ਤਿਆਂ ਦੌਰਾਨ ਵਾਪਰੀ, ਜਦੋਂ ਰੂਸੀ ਜਹਾਜ਼ ਉੱਤਰੀ ਸਕਾਟਲੈਂਡ ਦੇ ਨੇੜੇ ਬ੍ਰਿਟਿਸ਼ ਪਾਣੀ ਵਿੱਚ ਦਾਖਲ ਹੋਇਆ ਸੀ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸਪੱਸ਼ਟ ਸੰਦੇਸ਼ ਦਿੱਤਾ: "ਅਸੀਂ ਤੁਹਾਨੂੰ ਦੇਖ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਜੇਕਰ 'ਯਾਂਤਾਰ' ਇਸ ਹਫ਼ਤੇ ਦੱਖਣ ਵੱਲ ਜਾਂਦਾ ਹੈ, ਤਾਂ ਅਸੀਂ ਤਿਆਰ ਹਾਂ।"
ਜ਼ਿਕਰਯੋਗ ਹੈ ਕਿ 'ਯਾਂਤਾਰ' ਇੱਕ ਖੋਜ ਜਹਾਜ਼ ਵਜੋਂ ਦੱਸਿਆ ਜਾਂਦਾ ਹੈ, ਪਰ ਪੱਛਮੀ ਦੇਸ਼ਾਂ ਨੂੰ ਸ਼ੱਕ ਹੈ ਕਿ ਇਹ ਸਮੁੰਦਰ ਅੰਦਰਲੇ ਕੇਬਲਾਂ ਦੀ ਮੈਪਿੰਗ ਕਰ ਰਿਹਾ ਹੈ। ਹੀਲੀ ਨੇ ਕਿਹਾ ਕਿ ਜਹਾਜ਼ ਰੂਸ ਦੇ 'ਮੁੱਖ ਡਾਇਰੈਕਟੋਰੇਟ ਫਾਰ ਡੀਪ ਸੀ ਰਿਸਰਚ' (GUGI) ਦਾ ਹਿੱਸਾ ਹੈ, ਜਿਸ ਨੂੰ ਸ਼ਾਂਤੀ ਕਾਲ ਵਿੱਚ ਨਿਗਰਾਨੀ ਅਤੇ ਸੰਘਰਸ਼ ਦੌਰਾਨ ਤੋੜ-ਫੋੜ ਲਈ ਤਿਆਰ ਕੀਤਾ ਗਿਆ ਹੈ।
ਰੱਖਿਆ ਸਕੱਤਰ ਨੇ ਇਹ ਵੀ ਦੱਸਿਆ ਕਿ ਲੇਜ਼ਰ ਇਸਤੇਮਾਲ ਹੋਣ ਤੋਂ ਬਾਅਦ ਉਨ੍ਹਾਂ ਨੇ ਰਾਇਲ ਨੇਵੀ ਦੇ 'ਰੂਲਜ਼ ਆਫ ਐਂਗੇਜਮੈਂਟ' ਬਦਲ ਦਿੱਤੇ ਹਨ ਤਾਂ ਜੋ ਜਹਾਜ਼ ਨੂੰ ਯੂ.ਕੇ. ਦੇ ਵਿਆਪਕ ਪਾਣੀਆਂ ਵਿੱਚ ਹੋਰ ਨੇੜਿਓਂ ਟਰੈਕ ਕੀਤਾ ਜਾ ਸਕੇ। ਹੀਲੀ ਨੇ ਚੇਤਾਵਨੀ ਦਿੱਤੀ ਕਿ ਜੇ 'ਯਾਂਤਾਰ' ਦੁਬਾਰਾ ਅਜਿਹੀ ਕੋਈ ਹਰਕਤ ਕਰਦਾ ਹੈ ਤਾਂ ਬ੍ਰਿਟੇਨ ਕੋਲ ਫੌਜੀ ਵਿਕਲਪ ਤਿਆਰ ਹਨ।
ਇਸ ਦੌਰਾਨ, ਲੰਡਨ ਵਿੱਚ ਰੂਸੀ ਦੂਤਾਵਾਸ ਨੇ ਇਨ੍ਹਾਂ ਦਾਅਵਿਆਂ ਨੂੰ "ਭੜਕਾਊ" ਅਤੇ "ਰੂਸੋਫੋਬਿਕ" ਕਹਿ ਕੇ ਖਾਰਜ ਕਰ ਦਿੱਤਾ ਹੈ। ਰੂਸ ਨੇ ਕਿਹਾ ਕਿ ਉਸ ਨੂੰ ਬ੍ਰਿਟਿਸ਼ ਅੰਡਰਵਾਟਰ ਕਮਿਊਨੀਕੇਸ਼ਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਲੰਡਨ ਨੂੰ ਤਣਾਅ ਵਧਾਉਣ ਵਾਲੇ ਕਦਮਾਂ ਤੋਂ ਗੁਰੇਜ਼ ਕਰਨ ਲਈ ਕਹਿੰਦਾ ਹੈ।
ਦੱਖਣੀ ਕੋਰੀਆ 'ਚ ਵਾਪਰਿਆ ਭਿਆਨਕ ਹਾਦਸਾ ! ਸਮੁੰਦਰ 'ਚ ਡੁੱਬ ਗਈ ਯਾਤਰੀਆਂ ਨਾਲ ਭਰੀ ਕਿਸ਼ਤੀ
NEXT STORY