ਮਾਸਕੋ : ਰੂਸ ਨੇ ਆਪਣੀ ਨਵੀਂ ਪਰਮਾਣੂ ਸਮਰੱਥਾ ਵਾਲੀ ‘ਸਰਮਤ’ (Sarmat) ਮਿਜ਼ਾਈਲ ਦਾ ਸਫਲ ਪਰੀਖਣ ਕਰ ਲਿਆ ਹੈ, ਜਿਸ ਨਾਲ ਵਿਸ਼ਵ ਪੱਧਰ 'ਤੇ ਮਿਜ਼ਾਈਲ ਸੰਤੁਲਨ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਨੂੰ 35,000 ਕਿਲੋਮੀਟਰ ਤੋਂ ਵੀ ਵੱਧ ਵਧਾਇਆ ਜਾ ਸਕਦਾ ਹੈ।
ਮੌਜੂਦਾ ਸਮੇਂ ਵਿੱਚ ਇਸ ਮਿਜ਼ਾਈਲ ਦੀ ਰੇਂਜ 18,000 ਕਿਲੋਮੀਟਰ ਦੱਸੀ ਗਈ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਰੇਂਜ ਹੈ। ਜੇਕਰ ਪੁਤਿਨ ਦਾ ਦਾਅਵਾ ਸਹੀ ਸਾਬਤ ਹੁੰਦਾ ਹੈ, ਤਾਂ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਰੇਂਜ ਵਾਲੀ ਮਿਜ਼ਾਈਲ ਬਣ ਜਾਵੇਗੀ, ਜੋ ਧਰਤੀ ਦੇ ਕਿਸੇ ਵੀ ਹਿੱਸੇ ਨੂੰ ਆਪਣਾ ਨਿਸ਼ਾਨਾ ਬਣਾ ਸਕਦੀ ਹੈ। ਰੂਸੀ ਪ੍ਰਸ਼ਾਸਨ ਮੁਤਾਬਕ, ਇਸ ਮਿਜ਼ਾਈਲ ਨੂੰ ਇਸ ਸਾਲ ਦੇ ਅੰਤ ਤੱਕ ਜੰਗੀ ਡਿਊਟੀ 'ਤੇ ਤਾਇਨਾਤ ਕਰ ਦਿੱਤਾ ਜਾਵੇਗਾ।
ਰੂਸ ਅਨੁਸਾਰ, ਅਮਰੀਕਾ ਦੇ ਏ.ਬੀ.ਐਮ. (ABM) ਸੰਧੀ ਤੋਂ ਹਟਣ ਤੋਂ ਬਾਅਦ, ਉਨ੍ਹਾਂ ਨੂੰ ਆਪਣੀ ਰਣਨੀਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਣਾ ਪਿਆ ਹੈ। ‘ਸਰਮਤ’ ਪ੍ਰਣਾਲੀ ਆਪਣੀ ਪਿਛਲੀ ਮਿਜ਼ਾਈਲ ਪ੍ਰਣਾਲੀ ‘ਵੋਏਵੋਡਾ’ ਨਾਲੋਂ ਕਈ ਮਾਮਲਿਆਂ ਵਿੱਚ ਬਿਹਤਰ ਹੈ, ਜਿਸ ਵਿੱਚ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਭੇਦਣ ਦੀ ਅਦਭੁਤ ਸਮਰੱਥਾ ਸ਼ਾਮਲ ਹੈ।
ਦੂਜੇ ਪਾਸੇ, ਪੱਛਮੀ ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਪੁਤਿਨ ਆਪਣੀ ਨਵੀਂ ਪੀੜ੍ਹੀ ਦੇ ਹਥਿਆਰਾਂ ਦੀਆਂ ਸਮਰੱਥਾਵਾਂ ਬਾਰੇ ਵਧਾ-ਚੜ੍ਹਾ ਕੇ ਦਾਅਵੇ ਕਰ ਰਹੇ ਹਨ। ਉਨ੍ਹਾਂ ਮੁਤਾਬਕ ‘ਸਰਮਤ’ ਮਿਜ਼ਾਈਲ ਨੂੰ ਪਹਿਲਾਂ ਵੀ ਕਈ ਵਾਰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿੱਚ ਸਤੰਬਰ 2024 ਦੌਰਾਨ ਹੋਏ ਇੱਕ ਪਰੀਖਣ ਦੌਰਾਨ ਲਾਂਚ ਸਾਈਲੋ ਵਿੱਚ ਹੋਇਆ ਨੁਕਸਾਨ ਵੀ ਸ਼ਾਮਲ ਹੈ।
ਚੀਨ ਸਿਰਫ਼ ਆਰਥਿਕ ਭਾਈਵਾਲ ਨਹੀਂ, ਸਗੋਂ ਸਿਆਸੀ ਸੰਤੁਲਨ ਦਾ ਅਹਿਮ ਹਿੱਸਾ : ਈਰਾਨ
NEXT STORY