ਇੰਟਰਨੈਸ਼ਨਲ ਡੈਸਕ (ਬਿਊਰੋ): ਕੀ ਤੁਸੀਂ ਕਦੇ ਰੇਗਿਸਤਾਨ ਵਿਚ ਬਰਫ ਦੀ ਚਾਦਰ ਵਿਛ ਜਾਣ ਬਾਰੇ ਸੁਣਿਆ ਹੈ। ਕੁਦਰਤ ਦਾ ਇਹ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਹਾਲ ਹੀ ਵਿਚ ਦੇਖਣ ਨੂੰ ਮਿਲਿਆ ਹੈ। ਰੇਗਿਸਤਾਨੀ ਇਲਾਕੇ ਨਾਲ ਭਰੇ ਅਫਰੀਕਾ ਅਤੇ ਮਿਡਲ ਈਸਟ ਦੇ ਦੇਸ਼ਾਂ ਵਿਚ ਰੇਤ ਦੇ ਢੇਰਾਂ 'ਤੇ ਬਰਫ਼ਬਾਰੀ ਹੋਈ ਹੈ। ਅਚਾਨਕ ਤੋਂ ਗਰਮ ਰਹਿਣ ਵਾਲੇ ਰੇਗਿਸਤਾਨ ਦਾ ਤਾਪਮਾਨ ਮਾਈਨਸ 3 ਡਿਗਰੀ ਸੈਲਸੀਅਸ ਤੱਕ ਚਲਾ ਗਿਆ। ਹੁਣ ਸਹਾਰਾ ਰੇਗਿਸਤਾਨ ਵਿਚ ਵੀ ਬਰਫ਼ਬਾਰੀ ਹੋਣ ਲੱਗੀ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਉੱਤਰ-ਪੱਛਮੀ ਸਾਊਦੀ ਅਰਬ ਦੇ ਤਾਬੁਕ ਇਲਾਕੇ ਦੇ ਰੇਗਿਸਤਾਨਾਂ ਵਿਚ ਭਾਰੀ ਬਰਫ਼ਬਾਰੀ ਹੋਈ ਹੈ। ਇਹ ਸਾਊਦੀ ਅਰਬ ਦੇ ਲੋਕਾਂ ਲਈ ਹੈਰਾਨ ਕਰ ਦੇਣ ਵਾਲੀ ਘਟਨਾ ਹੈ। ਇਹ ਇਲਾਕਾ ਜਾਰਡਨ ਦੇਸ਼ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਗਰਮੀਆਂ ਵਿਚ ਇੱਥੋਂ ਦੇ ਰੇਗਿਸਤਾਨ ਵਿਚ ਪਾਰਾ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਪਰ ਇਸ ਸਮੇਂ ਰੇਗਿਸਤਾਨੀ ਦੇਸ਼ ਦਾ ਤਾਪਮਾਨ ਔਸਤਨ ਜ਼ੀਰੋ ਡਿਗਰੀ ਸੈਲਸੀਅਸ ਹੈ। ਇਸ ਮਹੀਨੇ ਤਾਂ ਪਾਰਾ ਕਈ ਵਾਰ ਇਸ ਤੋਂ ਵੀ ਹੇਠਾਂ ਆ ਚੁੱਕਾ ਹੈ।
10 ਜਨਵਰੀ ਨੂੰ ਛੋਟੇ ਪਹਾੜੀ ਅਤੇ ਰੇਗਿਸਤਾਨ ਨਾਲ ਭਰੇ ਤਾਬੁਕ ਇਲਾਕੇ ਵਿਚ ਬਰਫ਼ਬਾਰੀ ਹੋਈ। ਇਸ ਮਗਰੋਂ ਇਸ ਹਫਤੇ ਅਲਜੀਰੀਆ ਦੇ ਅਇਨ ਸੇਫ੍ਰਾ ਵਿਚ ਬਰਫ਼ਬਾਰੀ ਹੋਈ। ਅਇਨ ਸੇਫ੍ਰਾ ਨੂੰ ਰੇਗਿਸਤਾਨ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ। ਇਹ ਸਮੁੰਦਰ ਤਲ ਤੋਂ ਕਰੀਬ 3280 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਸ ਦੇ ਚਾਰੇ ਪਾਸੇ ਐਟਲਸ ਦੇ ਪਹਾੜ ਹਨ। ਪਿਛਲੇ ਬੁੱਧਵਾਰ ਨੂੰ ਇਸ ਇਲਾਕੇ ਵਿਚ ਪਾਰਾ ਜ਼ੀਰੋ ਤੋਂ ਹੇਠਾਂ ਡਿੱਗ ਕੇ ਮਾਈਨਸ 2.96 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਸਾਊਦੀ ਅਰਬ ਵਿਚ ਸਾਲ 2018 ਵਿਚ ਵੀ ਬਰਫ਼ਬਾਰੀ ਹੋਈ ਸੀ। ਇਸ ਦੇ ਇਲਾਵਾ ਲੇਬਨਾਨ, ਸੀਰੀਆ ਅਤੇ ਈਰਾਨ ਦੇ ਕੁਝ ਇਲਾਕਿਆਂ ਵਿਚ ਇੰਨੀ ਜ਼ਿਆਦਾ ਬਰਫ਼ਬਾਰੀ ਹੋਈ ਕਿ ਤੁਰਨਾ-ਫਿਰਨਾ ਮੁਸ਼ਕਲ ਹੋ ਗਿਆ। ਇੱਥੇ ਕਈ ਥਾਵਾਂ 'ਤੇ ਤਾਂ 4 ਫੁੱਟ ਬਰਫ ਜੰਮ ਚੁੱਕੀ ਹੈ। ਸਾਊਦੀ ਅਰਬ ਵਿਚ ਇਸ ਸਾਲ ਜਨਵਰੀ ਦਾ ਮਹੀਨਾ ਸਭ ਤੋਂ ਠੰਡਾ ਰਿਹਾ ਹੈ। ਇੱਥੇ ਮਹੀਨੇ ਭਰ ਦਾ ਔਸਤ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦੇ ਨੇੜੇ ਰਿਹਾ ਹੈ। ਤਾਬੁਕ ਪੂਰੇ ਦੇਸ਼ ਵਿਚ ਸਭ ਤੋਂ ਠੰਡਾ ਇਲਾਕਾ ਰਿਹਾ ਹੈ। ਇੱਥੇ ਪੂਰੇ ਮਹੀਨੇ ਦਾ ਵੱਧ ਔਸਤ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ ਹੈ।
ਦੁਨੀਆ ਭਰ ਦੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਰੇਗਿਸਤਾਨ ਵਿਚ ਬਰਫ ਪੈਣਾ ਦੁਰਲੱਭ ਘਟਨਾ ਹੈ ਪਰ ਪੂਰੀ ਤਰ੍ਹਾਂ ਨਾਲ ਸਧਾਰਨ ਵੀ ਨਹੀਂ ਹੈ। ਇਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਫਿਲਹਾਲ ਕਈ ਖੋਜੀ ਸਹਾਰਾ ਰੇਗਿਸਤਾਨ ਵਿਚ ਪੈਣ ਵਾਲੇ ਮੀਂਹ ਅਤੇ ਬਰਫ਼ਬਾਰੀ ਦਾ ਅਧਿਐਨ ਕਰ ਰਹੇ ਹਨ। ਇਸ ਦੇ ਪਿੱਛੇ ਦਾ ਕਾਰਨ ਜਲਵਾਯੂ ਤਬਦੀਲੀ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਪਿਛਲੇ ਸਾਲ 100 ਸਾਲਾਂ ਵਿਚ ਮੌਸਮ ਵਿਚ ਕਾਫੀ ਤਬਦੀਲੀਆਂ ਆਈਆਂ ਹਨ।
ਮੈਰੀਲੈਂਡ ਯੂਨੀਵਰਸਿੀ ਦੇ ਵਾਤਾਵਰਨ ਵਿਗਿਆਨੀ ਪ੍ਰੋਫੈਸਰ ਸੁਸ਼ਾਂਤ ਨਿਗਮ ਦੱਸਦੇ ਹਨ ਕਿ ਸਾਡੀ ਸਟੱਡੀ ਤਾਂ ਸਹਾਰਾ ਰੇਗਿਸਤਾਨ 'ਤੇ ਕੇਂਦਰਿਤ ਹੈ ਪਰ ਇਹ ਕੁਝ ਤਬਦੀਲੀਆਂ ਦੇ ਨਾਲ ਦੁਨੀਆ ਦੇ ਬਾਕੀ ਰੇਗਿਸਤਾਨਾਂ 'ਤੇ ਵੀ ਲਾਗੂ ਹੋ ਸਕਦੀ ਹੈ। ਮੌਸਮ ਵਿਚ ਅਜਿਹੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ ਜੋ ਪਹਿਲਾਂ ਨਹੀਂ ਸਨ। ਜਿਵੇਂ ਯੂਕੇ ਵਿਚ ਕਈ ਦਿਨਾਂ ਤੱਕ ਮੀਂਹ, ਇੰਗਲੈਂਡ ਅਤੇ ਵੇਲਜ਼ ਵਿਚ 2.3 ਫੁੱਟ ਤੱਕ ਪਾਣੀ ਜਮਾਂ ਹੋ ਗਿਆ। ਪਿਛਲੇ ਹਫਤੇ ਇਸ ਇਲਾਕੇ ਵਿਚ ਮੌਸਮ ਸੰਬੰਧੀ ਵਿਭਿੰਨ ਤਰ੍ਹਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ।
ਸਾਊਦੀ ਅਰਬ ਵਿਚ ਲੋਕ ਇਸ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਲੋਕ ਬਰਫ ਦੇ ਵਿਚ ਊਠ ਦੀ ਸਵਾਰੀ 'ਤੇ ਨਿਕਲ ਰਹੇ ਹਨ। ਅੰਗੀਠੀ ਬਾਲ ਕੇ ਮੌਸਮ ਦਾ ਮਜ਼ਾ ਲੈ ਰਹੇ ਹਨ। ਰੇਤਲੇ ਇਲਾਕੇ ਅਤੇ ਪਹਾੜਾਂ 'ਤੇ ਬਰਫ ਦੀ ਪਰਵਾਹ ਨਾ ਕਰਦੇ ਹੋਏ ਭੇਡਾਂ ਅਤੇ ਬਕਰੀਆਂ ਦਿਖਾਈ ਦੇ ਰਹੀਆਂ ਹਨ। ਨੇੜਲੇ ਸ਼ਹਿਰਾਂ ਵਿਚ ਜਿੱਥੇ ਬਰਫ ਨਹੀਂ ਡਿੱਗੀ ਉਹ ਲੋਕ ਬਰਫ਼ਬਾਰੀ ਵਾਲੇ ਇਲਾਕੇ ਵਿਚ ਘੁੰਮਣ ਜਾ ਰਹੇ ਹਨ ਤਾਂ ਜੋ ਇਸ ਬਰਫ਼ਬਾਰੀ ਦਾ ਮਜ਼ਾ ਲੈ ਸਕਣ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਪਾਕਿਸਤਾਨੀ ਪਰਬਤ ਤੋਂ ਮਿਲੀ ਰੂਸੀ-ਅਮਰੀਕੀ ਪਰਬਤਾਰੋਹੀ ਦੀ ਲਾਸ਼
NEXT STORY