ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਦੋ ਖੇਤਰ ਯੂਰਪ ਭਰ ’ਚੋਂ ਕੋਰੋਨਾ ਲਾਗ ਦੇ ਕੇਸਾਂ ’ਚ ਮੋਹਰੀ ਮੰਨੇ ਗਏ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਅਨੁਸਾਰ ਸਕਾਟਲੈਂਡ ਦੇ ਗਲਾਸਗੋ ਅਤੇ ਲਾਨਾਰਕਸ਼ਾਇਰ ਯੂਰਪ ਦੇ ਦੋ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਇਲਾਕੇ ਹਨ। ਇਨ੍ਹਾਂ ਦੋਵੇਂ ਸਕਾਟਿਸ਼ ਖੇਤਰਾਂ ’ਚ ਪ੍ਰਤੀ ਵਿਅਕਤੀ ਕੋਵਿਡ-19 ਕੇਸਾਂ ਦੀ ਦਰ ਸਕਾਟਲੈਂਡ, ਯੂਨਾਈਟਿਡ ਕਿੰਗਡਮ ਅਤੇ ਮਹਾਦੀਪ ਦੇ ਹੋਰਨਾਂ ਸਥਾਨਾਂ ਨਾਲੋਂ ਕਾਫੀ ਜ਼ਿਆਦਾ ਹੈ। ਲੈਨਾਰਕਸ਼ਾਇਰ ਦੀ ਪ੍ਰਤੀ 1,00,000 ਲੋਕਾਂ ਪਿੱਛੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ 7 ਦਿਨਾਂ ਦੀ ਦਰ 1111 ਤੋਂ ਵੱਧ ਅਤੇ ਗਲਾਸਗੋ ਦੀ 1014 ਤੋਂ ਵੱਧ ਦੇ ਨਾਲ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਕੋਵਿਡ-19 ਲਈ ਅਗਲੇ ਸਭ ਤੋਂ ਭੈੜੇ ਪੱਧਰ ਵਾਲੇ ਖੇਤਰ ਕ੍ਰਮਵਾਰ 734 ਅਤੇ 718 ਦੀ ਦਰ ਨਾਲ ਕੋਸੋਵੋ ਅਤੇ ਇਜ਼ਰਾਈਲ ਹਨ। ਐੱਨ. ਐੱਚ. ਐੱਸ. ਗ੍ਰੇਟਰ ਗਲਾਸਗੋ ਅਤੇ ਕਲਾਈਡ ’ਚ 7 ਦਿਨਾਂ ਦੇ ਤਾਜ਼ਾ ਅੰਕੜਿਆਂ ’ਚ 12,000 ਤੋਂ ਵੱਧ ਪਾਜ਼ੇਟਿਵ ਨਤੀਜੇ ਦਰਜ ਕੀਤੇ ਗਏ ਹਨ, ਜਦਕਿ ਐੱਨ. ਐੱਚ. ਐੱਸ. ਲੈਨਾਰਕਸ਼ਾਇਰ ’ਚ ਇਹ ਗਿਣਤੀ 7357 ਹੈ। ਵਧ ਰਹੇ ਕੇਸਾਂ ਕਾਰਨ ਦੋਵੇਂ ਸਿਹਤ ਬੋਰਡ ਤਣਾਅ ਦਾ ਸਾਹਮਣਾ ਕਰ ਰਹੇ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਅਨੁਸਾਰ ਵੀ ਰੋਜ਼ਾਨਾ ਦੇ ਕੋਰੋਨਾ ਵਾਇਰਸ ਕੇਸਾਂ ’ਚ ਵਾਧੇ ਕਾਰਨ ਐੱਨ. ਐੱਚ. ਐੱਸ. ਸਕਾਟਲੈਂਡ ਦਬਾਅ ਅਧੀਨ ਹੈ। ਸਕਾਟਲੈਂਡ ਸਰਕਾਰ ਵੱਲੋਂ ਮੰਗਲਵਾਰ ਨੂੰ ਅਪਡੇਟ ਕੀਤੇ ਗਏ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ 6029 ਨਵੇਂ ਕੇਸ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।
'ਪੰਜਸ਼ੀਰ 'ਤੇ ਹਮਲਾ ਕਰਨ ਆਏ 350 ਤਾਲਿਬਾਨੀ ਢੇਰ, 40 ਕੀਤੇ ਕਾਬੂ'
NEXT STORY