ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਰਕਾਰ ਵੱਲੋਂ ਆਮ ਜਨ ਜੀਵਨ ਨੂੰ ਮਹਾਮਾਰੀ ਤੋਂ ਪਹਿਲਾਂ ਵਾਂਗ ਸਧਾਰਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਉਦੇਸ਼ ਲਈ ਕੋਰੋਨਾ ਪਾਬੰਦੀਆਂ ਨੂੰ ਪੜਾਅਵਾਰ ਘੱਟ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਕਾਟਲੈਂਡ ਨੂੰ ਕੋਰੋਨਾ ਪਾਬੰਦੀਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਘੋਸ਼ਣਾ ਕੀਤੀ ਹੈ ਕਿ ਸਕਾਟਲੈਂਡ 9 ਅਗਸਤ ਨੂੰ ਕੋਵਿਡ ਪਾਬੰਦੀਆਂ ਤੋਂ ਆਪਣਾ 'ਫਰੀਡਮ ਡੇਅ' ਮਨਾਏਗਾ।
ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਤੋਂ ਜ਼ਿਆਦਾਤਰ ਕੋਰੋਨਾ ਪਾਬੰਦੀਆਂ ਵਿੱਚ ਵੱਡੀ ਛੋਟ ਦਿੱਤੀ ਜਾਵੇਗੀ। ਇਸ ਸਬੰਧੀ ਮੰਗਲਵਾਰ ਨੂੰ ਹੋਲੀਰੂਡ ਵਿੱਚ ਕੋਰੋਨਾ ਅਪਡੇਟ ਅਨੁਸਾਰ ਸਕਾਟਲੈਂਡ ਕੋਵਿਡ ਪਾਬੰਦੀਆਂ ਦੇ ਪੱਧਰ 0 ਤੋਂ ਅੱਗੇ ਵਧੇਗਾ ਜਿਸ ਨਾਲ ਵਧੇਰੇ ਕਾਰੋਬਾਰਾਂ ਅਤੇ ਨਾਈਟ ਕਲੱਬ ਆਦਿ ਦੁਬਾਰਾ ਖੁੱਲ੍ਹਣ ਦੇ ਯੋਗ ਹੋ ਜਾਣਗੇ। ਸਟਰਜਨ ਨੇ ਜਾਣਕਾਰੀ ਦਿੱਤੀ ਕਿ ਪੱਧਰ 0 ਤੋਂ ਅੱਗੇ ਜਾਣ ਨਾਲ ਬਾਕੀ ਬਚੀਆਂ ਕਾਨੂੰਨੀ ਤੌਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਜਾਵੇਗਾ ਜਿਹਨਾਂ ਵਿੱਚ ਸਰੀਰਕ ਦੂਰੀਆਂ ਅਤੇ ਸਮਾਜਿਕ ਇਕੱਠਾਂ ਦੀ ਸੀਮਾ ਆਦਿ ਸ਼ਾਮਲ ਹੈ। ਇਸਦੇ ਇਲਾਵਾ 9 ਅਗਸਤ ਤੋਂ, ਕਿਸੇ ਵੀ ਸਥਾਨ ਨੂੰ ਕਾਨੂੰਨੀ ਤੌਰ 'ਤੇ ਬੰਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ -ਸਕਾਟਲੈਂਡ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਹੀਂ ਕਰਨਗੇ ਨਿਕੋਲਾ ਸਟਰਜਨ ਨਾਲ ਮੁਲਾਕਾਤ
ਹਾਲਾਂਕਿ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਫੇਸ ਮਾਸਕ ਦੀ ਜਰੂਰਤ ਕਈ ਇਨਡੋਰ ਥਾਵਾਂ 'ਤੇ ਜਾਰੀ ਰਹੇਗੀ। ਨਿਕੋਲਾ ਸਟਰਜਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਟੈਸਟ ਐਂਡ ਪ੍ਰੋਟੈਕਟ 9 ਅਗਸਤ ਤੋਂ ਬਾਅਦ ਵੀ ਜਾਰੀ ਰਹੇਗਾ, ਅੰਦਰੂਨੀ ਪ੍ਰਾਹੁਣਚਾਰੀ ਸਥਾਨਾਂ 'ਤੇ ਅਜੇ ਵੀ ਗਾਹਕਾਂ ਦੇ ਸੰਪਰਕ ਵੇਰਵੇ ਇਕੱਠੇ ਕਰਨ ਦੀ ਜ਼ਰੂਰਤ ਹੋਵੇਗੀ। ਇਸਦੇ ਨਾਲ ਹੀ ਜੇਕਰ ਸੰਭਵ ਹੋਵੇ ਤਾਂ ਘਰ ਤੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ 5000 ਤੋਂ ਵੱਧ ਦੇ ਬਾਹਰੀ ਸਮਾਗਮਾਂ ਅਤੇ 2000 ਤੋਂ ਵੱਧ ਦੇ ਅੰਦਰੂਨੀ ਸਮਾਗਮਾਂ ਦੇ ਲਈ ਪ੍ਰਬੰਧਕਾਂ ਨੂੰ ਆਗਿਆ ਲਈ ਅਰਜ਼ੀ ਦੇਣੀ ਹੋਵੇਗੀ।
ਸਰਕਾਰ ਅਨੁਸਾਰ ਪਾਬੰਦੀਆਂ ਹਟਣ ਤੋਂ ਬਾਅਦ ਵੀ ਸਕੂਲਾਂ ਵਿੱਚ, ਸਾਰੇ ਸੈਕੰਡਰੀ ਵਿਦਿਆਰਥੀਆਂ ਅਤੇ ਸਟਾਫ ਨੂੰ ਫਿਲਹਾਲ ਫੇਸ ਮਾਸਕ ਪਾਉਣੇ ਪੈਣਗੇ ਅਤੇ ਅਧਿਆਪਕਾਂ ਨੂੰ ਅਜੇ ਵੀ ਇੱਕ ਦੂਜੇ ਤੋਂ ਅਤੇ ਬੱਚਿਆਂ ਅਤੇ ਨੌਜਵਾਨਾਂ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਜ਼ਰੂਰਤ ਹੋਵੇਗੀ। ਕੋਰੋਨਾ ਵੈਕਸੀਨ ਲੱਗੇ ਹੋਏ ਵਿਅਕਤੀ, ਜਿਨ੍ਹਾਂ ਨੇ ਘੱਟੋ ਘੱਟ ਦੋ ਹਫ਼ਤੇ ਪਹਿਲਾਂ ਆਪਣਾ ਦੂਜਾ ਟੀਕਾ ਲਗਵਾਇਆ ਹੈ ਜੇ ਉਹ ਨਕਾਰਾਤਮਕ ਪੀ ਸੀ ਆਰ ਟੈਸਟ ਪ੍ਰਾਪਤ ਕਰਦੇ ਹਨ, ਤਾਂ ਉਹ ਇਕਾਂਤਵਾਸ ਹੋਣ ਤੋਂ ਬਚ ਸਕਣਗੇ। ਇਸ ਸਭ ਦੇ ਬਾਵਜੂਦ ਵੀ ਲੋਕਾਂ ਨੂੰ ਪਾਬੰਦੀਆਂ ਹਟਣ ਤੋਂ ਬਾਅਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਾਵਧਾਨੀਆਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ।
ਨੋਟ- ਸਕਾਟਲੈਂਡ ਵਿਚ 9 ਅਗਸਤ ਤੋਂ ਕੋਰੋਨਾ ਪਾਬੰਦੀਆਂ ਦੇ ਖਾਤਮੇ ਦੇ ਐਲਾਨ ਬਾਰੇ ਦੱਸੋ ਆਪਣੀ ਰਾਏ।
ਇੰਗਲੈਂਡ ਅਤੇ ਵੇਲਜ਼ 'ਚ ਨਸ਼ੀਲੇ ਪਦਾਰਥਾਂ ਨਾਲ ਹੁੰਦੀਆਂ ਮੌਤਾਂ ਪਹੁੰਚੀਆਂ ਰਿਕਾਰਡ ਪੱਧਰ 'ਤੇ
NEXT STORY