ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬ੍ਰਿਟੇਨ ਦੇ ਪ੍ਰਿੰਸ ਫਿਲਿਪ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੌਰੀਸਨ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਿੰਸ ਫਿਲਿਪ ਨੇ ਆਪਣਾ ਸਮੁੱਚਾ ਜੀਵਨ ਫ਼ਰਜ਼ ਅਤੇ ਸੇਵਾ ਭਾਵਨਾ ਨਾਲ ਬਿਤਾਇਆ ਅਤੇ ਹੁਣ ਜਦੋਂ ਉਹ ਦੇਹੀ ਤੌਰ 'ਤੇ ਸਾਡੇ ਕੋਲੋਂ ਵਿੱਛੜ ਚੁਕੇ ਹਨ ਤਾਂ ਉਨ੍ਹਾਂ ਦੇ ਸਨਮਾਨ ਵਿਚ ਆਸਟ੍ਰੇਲੀਆ 41 ਬੰਦੂਕਾਂ ਦੀ ਸਲਾਮੀ ਦੇਵੇਗਾ। ਇਹ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੋਵੇਗਾ। ਮੌਰੀਸਨ ਨੇ ਕਿਹਾ ਕਿ ਦੁੱਖ ਦੇ ਇਸ ਮੌਕੇ ਆਸਟ੍ਰੇਲੀਆ ਮਹਾਰਾਣੀ ਐਲਿਜ਼ਾਬੈਥ ਨੂੰ ਆਪਣੇ ਸ਼ੋਗ ਸੰਦੇਸ਼ ਜ਼ਰੀਏ ਹਮਦਰਦੀ ਪ੍ਰਗਟ ਕਰਦਾ ਹੈ। ਦੁੱਖ ਦੀ ਇਸ ਘੜੀ ਵੇਲੇ ਉਨ੍ਹਾਂ ਦੇ ਨਾਲ-ਨਾਲ ਕਾਮਨਵੈਲਥ ਪਰਿਵਾਰ ਅਤੇ ਦੇਸ਼ ਦਾ ਹਰ ਨਾਗਰਿਕ ਵੀ ਸ਼ਾਮਿਲ ਹੈ।
ਮੌਰੀਸਨ ਨੇ ਇਹ ਵੀ ਕਿਹਾ ਕਿ ਦੇਸ਼ ਦੇ ਨਾਗਰਿਕ ਆਨਲਾਈਨ ਜ਼ਰੀਏ, ਕੁਈਨ ਐਲਿਜ਼ਾਬੈਥ ਨੂੰ ਇਸ ਸਦਮੇ ਅਤੇ ਦੁੱਖ ਦੀ ਘੜੀ ਵਿਚ, ਆਪਣੇ ਸੋਗ ਸੰਦੇਸ਼ ਭੇਜ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਰਾਣੀ ਦੀ ਸਿਹਤਯਾਬੀ ਲਈ ਵੀ ਕਾਮਨਾ ਕੀਤੀ ਅਤੇ ਕਿਹਾ ਕਿ ਪ੍ਰਮਾਤਮਾ ਮਹਾਰਾਣੀ ਨੂੰ ਸਦਮਾ ਸਹਿਣ ਦੀ ਤਾਕਤ ਦੇ ਨਾਲ ਨਾਲ ਭਵਿੱਖ ਵਿਚ ਚੰਗੀ ਸਿਹਤ ਬਖ਼ਸ਼ੇ। ਉਨ੍ਹਾਂ ਦਾ ਆਸ਼ੀਰਵਾਦ ਸਾਡੇ 'ਤੇ ਹਮੇਸ਼ਾ ਬਣਿਆ ਰਹੇ। 1967 ਦੇ ਇੱਕ ਵਾਕਿਆ ਨੂੰ ਯਾਦ ਕਰਦਿਆਂ ਮੌਰੀਸਨ ਨੇ ਕਿਹਾ ਕਿ ਜਦੋਂ ਤਸਮਾਨੀਆ ਵਿਚ ਜੰਗਲੀ ਅੱਗ ਨੇ ਕਹਿਰ ਢਾਇਆ ਸੀ ਤਾਂ ਉਸ ਸਮੇਂ ਪ੍ਰਿੰਸ ਆਪਣੇ ਆਪ ਨੂੰ ਰੋਕ ਨਹੀਂ ਸੀ ਪਾਏ ਅਤੇ ਉਨ੍ਹਾਂ ਨੇ ਆਸਟ੍ਰੇਲੀਆ ਦਾ ਘੱਟੋ ਘੱਟ 20 ਵਾਰੀ ਦੌਰਾ ਕੀਤਾ ਸੀ। ਉਹ ਬੁਸ਼ਫਾਇਰ ਦੇ ਪੀੜਤਾਂ ਦਾ ਦੁੱਖ ਸਾਂਝਾ ਕਰਦੇ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਪ੍ਰਿੰਸ ਫਿਲਿਪ ਦੇ ਸਨਮਾਨ ਦੇ ਵਜੋਂ ਦੇਸ਼ ਭਰ 'ਚ ਦਿੱਤੀ ਗਈ ਤੋਪਾਂ ਦੀ ਸਲਾਮੀ
ਮੌਰੀਸਨ ਨੇ ਕਿਹਾ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਸ਼ਖ਼ਸੀਅਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਕੁਝ ਕੁ ਅਜਿਹੀਆਂ ਹੁੰਦੀਆਂ ਹਨ ਜੋ ਕਿ ਹਮੇਸ਼ਾ ਲਈ ਆਪਣੀਆਂ ਕਾਰਗੁਜ਼ਾਰੀਆਂ ਦੀ ਅਹਿਮ ਛਾਪ ਛੱਡ ਜਾਂਦੀਆਂ ਹਨ। ਮਰਹੂਮ ਪ੍ਰਿੰਸ ਵੀ ਉਨ੍ਹਾਂ ਸ਼ਖ਼ਸੀਅਤਾਂ ਵਿਚੋਂ ਇੱਕ ਸਨ ਅਤੇ ਰਹਿੰਦੀ ਦੁਨੀਆ ਤੱਕ ਲੋਕ ਉਨ੍ਹਾਂ ਨੂੰ ਯਾਦ ਕਰਦੇ ਰਹਿਣਗੇ।
ਨੋਟ -ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਫਲੋਰੀਡਾ, ਲੂਸੀਆਨਾ ਅਤੇ ਮਿਸੀਸਿਪੀ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ
NEXT STORY