ਵਾਸ਼ਿੰਗਟਨ (ਰਾਜ ਗੋਗਨਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਾਰਮਕ ਥਾਵਾਂ 'ਤੇ ਸੁਰੱਖਿਆ ਨੂੰ ਲੈ ਕੇ ਕਿਹਾ ਕਿ ਪ੍ਰਬੰਧਕਾਂ ਨੂੰ ਆਪੋ-ਆਪਣੀਆਂ ਧਾਰਮਕ ਥਾਵਾਂ ਜਿਨ੍ਹਾਂ 'ਚ ਗੁਰੂਘਰ, ਮੰਦਰ, ਚਰਚ ਅਤੇ ਮਸਜਿਦਾਂ ਆਉਂਦੀਆਂ ਹਨ, ਉਨ੍ਹਾਂ 'ਤੇ ਪ੍ਰਬੰਧਕੀ ਸੁਰੱਖਿਆ ਨੂੰ ਉਸ ਦਿਨ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ, ਜਿਸ ਦਿਨ ਕੋਈ ਇਕੱਠ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਬੰਧਕ ਉਸ ਦਿਨ ਇਕ ਨਿਰੀਖਕ ਨੂੰ ਨਿਯੁਕਤ ਕਰਨ, ਜਿਸ ਦਾ ਪਿਛੋਕੜ ਸਕਿਓਰਿਟੀ ਤਜਰਬੇ ਵਾਲਾ ਹੋਵੇ, ਜੋ ਕਿਸੇ ਸ਼ੱਕੀ ਵਿਅਕਤੀ 'ਤੇ ਨਜ਼ਰ ਰੱਖ ਸਕੇ ਅਤੇ ਉਸ ਤੋਂ ਪੁੱਛ-ਪੜਤਾਲ ਕਰ ਸਕੇ ਤੇ ਤਲਾਸ਼ੀ ਲੈ ਸਕੇ। ਜ਼ਿਕਰਯੋਗ ਹੈ ਆਉਣ-ਜਾਣ ਵਾਲੇ ਗੇਟ 'ਤੇ ਕੈਮਰੇ ਲਾਏ ਜਾਣ, ਤਾਂ ਜੋ ਹਰੇਕ ਆਉਣ-ਜਾਣ ਵਾਲੇ ਵਿਅਕਤੀ 'ਤੇ ਨਜ਼ਰ ਰੱਖੀ ਜਾ ਸਕੇ। ਇਹ ਸਭ ਪ੍ਰਬੰਧਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਅਤੇ ਉਹ ਇਸ ਸਬੰਧੀ ਜਵਾਬਦੇਹ ਹੋਣਗੇ ਅਤੇ ਜਿੱਥੇ ਅਜਿਹੀ ਕੁਤਾਹੀ ਸਬੰਧੀ ਰਿਪੋਰਟ ਪ੍ਰਾਪਤ ਹੁੰਦੀ ਹੈ ਕਿ ਉਹ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਰਹੇ, ਅਜਿਹੀਆਂ ਥਾਵਾਂ ਨੂੰ ਇਕੱਠ ਕਰਨ ਤੋਂ ਬੰਦ ਕੀਤਾ ਜਾ ਸਕਦਾ ਹੈ। ਹਾਲ ਦੀ ਘੜੀ 'ਚ ਹੋਈਆਂ ਵਾਰਦਾਤਾਂ ਦੇ ਮੱਦੇਨਜ਼ਰ ਅਜਿਹਾ ਯਕੀਨੀ ਬਣਾਉਣਾ ਜ਼ਰੂਰੀ ਹੈ, ਜਿਸ ਸਬੰਧੀ ਪ੍ਰਬੰਧਕਾਂ ਨੂੰ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੁਰੱਖਿਆ ਕਮੇਟੀਆਂ ਵੀ ਬਣਾਉਣੀਆਂ ਚਾਹੀਦੀਆਂ ਹਨ, ਜੋ ਧਾਰਮਕ ਥਾਵਾਂ 'ਤੇ ਪਾਰਕਿੰਗ ਕੀਤੀਆਂ ਗੱਡੀਆਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਆਉਣ-ਜਾਣ ਵਾਲੇ ਦੁਆਰ 'ਤੇ ਨੇੜੇ ਤੋਂ ਨਜ਼ਰ ਰੱਖਣ। ਇਸ ਦੇ ਨਾਲ ਨਵੇਂ ਵਿਅਕਤੀਆਂ ਦੀ ਆਵਾਜਾਈ 'ਤੇ ਵੀ ਨਜ਼ਰ ਰੱਖੀ ਜਾਵੇ। ਇਸ ਸਬੰਧੀ ਸਥਾਨਕ ਗੌਰਮਿੰਟ ਦੇ ਨੁਮਾਇੰਦੇ ਸਮੇਂ-ਸਮੇਂ 'ਤੇ ਇਨ੍ਹਾਂ ਥਾਵਾਂ ਦਾ ਦੌਰਾ ਕਰ ਕੇ ਰਿਪੋਰਟ ਉੱਚ ਅਫਸਰਾਂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਇਸ ਸਬੰਧੀ ਰਿਪੋਰਟ ਮੰਗੀ ਜਾਵੇਗੀ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਪਨਾਮਾ ਪੇਪਰਜ਼ ਮਾਮਲਾ : ਸ਼ਰੀਫ ਦੇ ਪੁੱਤਰਾਂ 'ਤੇ ਕੱਸਿਆ ਕਾਨੂੰਨੀ ਸ਼ਿਕੰਜਾ
NEXT STORY