ਮੈਲਬੋਰਨ, (ਮਨਦੀਪ ਸਿੰਘ ਸੈਣੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਸਾਲ ਨੂੰ ਸਮਰਪਿਤ ਅਤੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਨੂੰ ਰਵਾਇਤੀ ਗੁਰਮਤਿ ਸੰਗੀਤ ਨਾਲ ਜੋੜਨ ਦੇ ਉਦੇਸ਼ ਨਾਲ ਆਸਟ੍ਰੇਲੀਆਈ ਕੌਮੀ ਸਿੱਖ ਖੇਡ ਅਤੇ ਸੱਭਿਆਚਾਰਕ ਕਮੇਟੀ ਵੱਲੋਂ 16 ਮਾਰਚ ਤੋਂ 19 ਅਪ੍ਰੈਲ 2019 ਤੱਕ ਗੁਰਮਤਿ ਸੰਗੀਤਕ ਦੌਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਦੱਸਿਆਂ ਕਿ ਪ੍ਰਿੰਸੀਪਲ ਸੁਖਵੰਤ ਸਿੰਘ ਦੀ ਰਹਿਨੁਮਾਈ ਹੇਠ ਹੋਣ ਜਾ ਰਹੇ ਇਨ੍ਹਾਂ ਕੀਰਤਨ ਸਮਾਗਮਾਂ ਵਿੱਚ ਰਾਗੀ ਜਥੇ ਅਤੇ ਸਿੱਖ ਸੰਗੀਤਕਾਰ ਹਿੱਸਾ ਲੈ ਰਹੇ ਹਨ।
ਆਸਟ੍ਰੇਲੀਆ ਵਿੱਚ ਲਗਾਤਾਰ ਦੂਜੀ ਵਾਰ ਹੋਣ ਜਾ ਰਹੇ ਗੁਰਮਤਿ ਸਮਾਗਮਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਤੇ ਆਧਾਰਿਤ ਨਿਰੋਲ ਕੀਰਤਨ ਹੋਵੇਗਾ ਅਤੇ ਰਬਾਬ, ਤਾਊਸ ਅਤੇ ਹੋਰ ਤੰਤੀ ਸਾਜ਼ ਕੀਰਤਨ ਦੌਰਾਨ ਵਰਤੇ ਜਾਣਗੇ ।ਇੱਕ ਮਹੀਨੇ ਤੋਂ ਵੱਧ ਚੱਲਣ ਵਾਲੇ ਇਸ ਗੁਰਮਤਿ ਸੰਗੀਤ ਸਮਾਗਮ ਦੀ ਆਰੰਭਤਾ 16 ਮਾਰਚ ਤੋਂ ਪਰਥ ਦੇ ਬੈਨਟਸ ਹਿੱਲਜ਼ ਗੁਰੂ ਘਰ ਤੋਂ ਹੋਵੇਗੀ ਤੇ ਮੈਲਬੋਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਸ਼ੈਪਰਟਨ, ਕੇਨਜ਼, ਕੈਨਬਰਾ, ਗ੍ਰਿਫਿਥ, ਵੂਲਗੂਲਗਾ, ਡਾਰਵਿਨ, ਐਲਿਸ ਸਪਰਿੰਗਜ਼ ਸਮੇਤ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੁਸ਼ੋਭਿਤ ਗੁਰੂ ਘਰਾਂ ਵਿੱਚ ਕੀਰਤਨੀਏ ਸਿੰਘ ਨਿਰੋਲ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰਨਗੇ ।19 ਅਪ੍ਰੈਲ ਨੂੰ ਮੈਲਬੋਰਨ ਦੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿੱਚ ਅੰਤਿਮ ਪੜਾਅ ਦੇ ਦੀਵਾਨ ਸਜਾਏ ਜਾਣਗੇ।ਆਸਟ੍ਰੇਲੀਅਨ ਸਿੱਖ ਖੇਡ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਨਿਵੇਕਲੇ ਉਪਰਾਲੇ ਤੇ ਤਕਰੀਬਨ 50 ਹਜ਼ਾਰ ਡਾਲਰ ਖਰਚਾ ਆਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ 32 ਵੀਂਆਂ ਸਾਲਾਨਾ ਸਿੱਖ ਖੇਡਾਂ ਮੈਲਬੋਰਨ ਵਿੱਚ 19 ਤੋਂ 21 ਅਪ੍ਰੈਲ 2019 ਤੱਕ ਕਰਵਾਈਆਂ ਜਾ ਰਹੀਆਂ ਹਨ।ਇਹਨਾਂ ਖੇਡਾਂ ਵਿੱਚ ਆਸਟ੍ਰੇਲੀਆ-ਨਿਊਜ਼ੀਲ਼ੈਂਡ, ਸਮੇਤ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖੇਡ ਪ੍ਰੇਮੀ ਸ਼ਮੂਲੀਅਤ ਕਰਨਗੇ।
ਅਮਰੀਕਾ ਨੇ ਦਿੱਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰਾਹਤ
NEXT STORY