ਲਾਹੌਰ, (ਸਰਬਜੀਤ ਸਿੰਘ ਬਨੂੜ)- ਲਾਹੌਰ ਦੇ ਮਾਲ ਰੋਡ ਸਥਿਤ ਐਚਿਸਨ ਕਾਲਜ ਕੰਪਲੈਕਸ 'ਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ 'ਚ ਲਗਭਗ 80 ਸਾਲਾਂ ਬਾਅਦ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਅਤੇ ਅਰਦਾਸ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਨਾ ਸਿਰਫ਼ ਧਾਰਮਿਕ ਪੱਖੋਂ ਮਹੱਤਵਪੂਰਨ ਰਿਹਾ, ਸਗੋਂ ਵੰਡ ਤੋਂ ਪਹਿਲਾਂ ਦੀ ਸਾਂਝੀ ਵਿਰਾਸਤ ਦੀ ਯਾਦ ਨੂੰ ਵੀ ਤਾਜ਼ਾ ਕਰ ਗਿਆ।
ਇਸ ਮੌਕੇ ‘ਤੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਸਥਾਨਕ ਸਿੱਖ ਸੰਗਤ, ਵਿਦਵਾਨ ਹਸਤੀਆਂ ਅਤੇ ਕਾਲਜ ਪ੍ਰਬੰਧਕ ਮੌਜੂਦ ਸਨ। ਇਹ ਜਾਣਕਾਰੀ ਦਿੰਦਿਆਂ ਡਾ. ਤਰੁਣਜੀਤ ਸਿੰਘ ਬੁਤਾਲੀਆ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਰਾਗੀ ਜਥੇ ਦੇ ਮੈਂਬਰ ਹਰਵਿੰਦਰ ਸਿੰਘ, ਅਕਸ਼ੈਦੀਪ ਸਿੰਘ ਅਤੇ ਦਲੀਪ ਸਿੰਘ ਵੱਲੋਂ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਜਿਸ ਨੇ ਹਾਜ਼ਰੀਨ ਨੂੰ ਆਤਮਿਕ ਅਨੁਭੂਤੀ ਨਾਲ ਭਰ ਦਿੱਤਾ।
ਜ਼ਿਕਰਯੋਗ ਹੈ ਕਿ 947 ਦੀ ਵੰਡ ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਸੀ, ਹਾਲਾਂਕਿ ਇਸ ਦੀ ਸੰਭਾਲ ਕਾਲਜ ਪ੍ਰਸ਼ਾਸਨ ਵੱਲੋਂ ਨਿਰੰਤਰ ਕੀਤੀ ਜਾਂਦੀ ਰਹੀ। ਉਨ੍ਹਾਂ ਦੱਸਿਆ ਕਿ ਇਹ ਸ਼ਬਦ ਕੀਰਤਨ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਉਪਲੱਖ ਵਿੱਚ ਕਰਵਾਇਆ ਗਿਆ। ਦੱਸਣਯੋਗ ਹੈ ਕਿ ਐਚਿਸਨ ਕਾਲਜ ਦੀ ਨੀਂਹ 3 ਨਵੰਬਰ 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਅਤੇ ਪ੍ਰਮੁੱਖ ਪਰਿਵਾਰਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੱਖੀ ਗਈ ਸੀ। ਇਤਿਹਾਸਕ ਰਿਕਾਰਡ ਅਨੁਸਾਰ ਕਾਲਜ ਸਥਿਤ ਗੁਰਦੁਆਰਾ ਸਾਹਿਬ ਦਾ ਨਕਸ਼ਾ ਤੱਤਕਾਲੀਨ ਮੇਯੋ ਸਕੂਲ ਆਫ ਆਰਟਸ (ਮੌਜੂਦਾ ਨੈਸ਼ਨਲ ਕਾਲਜ ਆਫ ਆਰਟਸ) ਦੇ ਪ੍ਰਸਿੱਧ ਸਿੱਖ ਵਾਸਤੂਕਾਰ ਸਰਦਾਰ ਰਾਮ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ।
ਇਸ ਗੁਰਦੁਆਰਾ ਸਾਹਿਬ ਦੀ ਨੀਂਹ 1910 ਵਿੱਚ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਵੱਲੋਂ ਰੱਖੀ ਗਈ ਸੀ, ਜੋ 1904 ਤੋਂ 1908 ਤੱਕ ਇਸ ਕਾਲਜ ਦੇ ਵਿਦਿਆਰਥੀ ਵੀ ਰਹੇ ਸਨ। ਅਗਲੇ ਦੋ ਸਾਲਾਂ ਵਿੱਚ ਗੁਰਦੁਆਰਾ ਭਵਨ ਦਾ ਨਿਰਮਾਣ ਪੂਰਾ ਹੋਇਆ ਅਤੇ ਇਸਨੂੰ ਇੱਕ ਸਰਗਰਮ ਧਾਰਮਿਕ ਸਥਾਨ ਵਜੋਂ ਸਮਰਪਿਤ ਕੀਤਾ ਗਿਆ ਜਿੱਥੇ ਸਿੱਖ ਵਿਦਿਆਰਥੀ ਰੋਜ਼ਾਨਾ ਸ਼ਾਮ ਦੇ ਸਮੇਂ ਸ਼ਬਦ ਕੀਰਤਨ ਅਤੇ ਅਰਦਾਸ ਵਿੱਚ ਹਿੱਸਾ ਲੈਂਦੇ ਸਨ।
ਵਰਤਮਾਨ ਵਿੱਚ ਐਚਿਸਨ ਕਾਲਜ ਦੇ ਲਗਭਗ 15 ਸਿੱਖ ਪੁਰਾਤਨ ਵਿਦਿਆਰਥੀ ਭਾਰਤ ਵਿੱਚ ਰਹਿ ਰਹੇ ਹਨ। ਉਨ੍ਹਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਾਲੇ-ਚਿੱਟੇ ਸੰਗਮਰਮਰ ਦੀ ਫਰਸ਼ ਅਤੇ ਕਿਲ੍ਹੇ ਵਰਗੀ ਅੰਦਰੂਨੀ ਬਣਾਵਟ ਵਾਲੇ ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਗੁਰਦੁਆਰੇ ਸਾਹਿਬ ਤੋਂ ਇਲਾਵਾ ਕਾਲਜ ਅਹਾਤੇ ਵਿੱਚ ਵੰਡ ਤੋਂ ਪਹਿਲਾਂ ਦੀ ਇੱਕ ਮਸਜਿਦ ਅਤੇ ਇੱਕ ਹਿੰਦੂ ਮੰਦਰ ਵੀ ਅੱਜ ਤੱਕ ਮੌਜੂਦ ਹਨ, ਜੋ ਉਸ ਯੁੱਗ ਦੀ ਸਾਂਝੀ ਧਾਰਮਿਕ ਵਿਰਾਸਤ ਦਾ ਪ੍ਰਤੀਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਦਸਿਆਂ ਨੇ ਖੋਹੀਆਂ ਜ਼ਿੰਦਗੀਆਂ! 3 ਪੈਦਲ ਯਾਤਰੀਆਂ ਨਾਲ ਵਾਪਰੀ ਅਣਹੋਣੀ, 2 ਦੀ ਮੌਤ
NEXT STORY