ਮੈਲਬੌਰਨ (ਮਨਦੀਪ ਸਿੰਘ ਸੈਣੀ)— ਐਡੀਲੇਡ ਤੋਂ ਤਕਰੀਬਨ ਤਿੰਨ ਕੁ ਵਰ੍ਹੇ ਪਹਿਲਾਂ ਉੱਠੀ ਇਕ ਆਵਾਜ਼ ਹੁਣ ਆਸਟ੍ਰੇਲੀਅਨ ਪਾਰਲੀਮੈਂਟ ਤੱਕ ਗੂੰਜਣ ਲੱਗੀ ਹੈ। ਇਸੇ ਤਹਿਤ ਅੱਜ ਸਾਊਥ ਆਸਟ੍ਰੇਲੀਆ ਤੋਂ ਮੈਂਬਰ ਪਾਰਲੀਮੈਂਟ ਮਾਨਯੋਗ ਸਟੀਵਨ ਜਾਰਜਅੱਸ ਅਤੇ ਸਾਬਕਾ ਸਪੀਕਰ ਮਾਨਯੋਗ ਰਸਲ ਵਾਟਲੇ (ਐੱਮ.ਐੱਲ.ਸੀ.) ਦੇ ਉੱਦਮਾਂ ਸਦਕਾ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਮਾਨਯੋਗ ਸ਼ੇਨ ਨਿਊਮੰਨ, ਐਡੀਲੇਡ ਦੇ ਇਕ ਕਮਿਊਨਿਟੀ ਹਾਲ 'ਚ ਜਾਗਰੂਕ ਲੋਕਾਂ ਦੇ ਰੂਬਰੂ ਹੋਏ ਅਤੇ ਹੁਣ ਤੱਕ ਦੀ ਇਸ ਮੁਹਿੰਮ ਦੇ ਸਫ਼ਰ ਅਤੇ ਕੀਤੇ ਉਪਰਾਲਿਆਂ ਨੂੰ ਬੜੀ ਗੌਹ ਨਾਲ ਸੁਣਿਆ। ਇਸ ਮੌਕੇ ਤੇ ਬੋਲਦਿਆਂ ਮਾਨਯੋਗ ਸਟੀਵਨ ਜਾਰਜਅੱਸ ਨੇ ਕਿਹਾ ਕਿ ਇਹ ਮੁਹਿੰਮ ਹੁਣ ਇਕ ਵਿਸ਼ਾਲ ਰੂਪ ਧਾਰਨ ਕਰ ਚੁੱਕੀ ਹੈ ਤੇ ਇਸ ਲਈ ਲਿਬਰਲ ਸਰਕਾਰ ਨੂੰ ਜ਼ਰੂਰੀ ਬਣਦੇ ਕਦਮ ਚੁੱਕਣੇ ਪੈਣਗੇ। ਜਿਨ੍ਹਾਂ ਚਿਰ ਸਰਕਾਰ ਇਸ ਬਾਰੇ ਕੋਈ ਕਦਮ ਨਹੀਂ ਚੁੱਕਦੀ ਅਸੀਂ ਲੇਬਰ ਪਾਰਟੀ ਵੱਲੋਂ ਬਣਦਾ ਦਬਾਅ ਪਾਈ ਰੱਖਾਂਗੇ।
ਇਸ ਮੌਕੇ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਾਨਯੋਗ ਸ਼ੇਨ ਨਿਊਮੰਨ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਲਿਬਰਲ ਸਰਕਾਰ ਨੇ ਨਹੀਂ ਨਿਭਾਏ। ਜਿਸ ਗੱਲ ਦਾ ਖ਼ਮਿਆਜ਼ਾ ਇਸ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ। ਉਨ੍ਹਾਂ ਇਸ ਮੌਕੇ ਵਾਅਦਾ ਕੀਤਾ ਕਿ ਜਿਨ੍ਹਾਂ ਚਿਰ ਉਹ ਵਿਰੋਧੀ ਧਿਰ 'ਚ ਹਨ ਉਹ ਇਸੇ ਤਰ੍ਹਾਂ ਸਰਕਾਰ ਤੇ ਦਬਾਅ ਬਣਾਈ ਰੱਖਣਗੇ ਅਤੇ ਜੇਕਰ ਆਉਂਦੀਆਂ ਚੋਣਾਂ 'ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪਿਛਲੀਆਂ ਚੋਣਾਂ 'ਚ ਲੇਬਰ ਪਾਰਟੀ ਵੱਲੋਂ ਕੀਤੇ ਵਾਅਦੇ ਤੇ ਕਾਇਮ ਰਹਿੰਦੇ ਹੋਏ ਇਸ ਮੁਹਿੰਮ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ 'ਚ ਪਰਵਾਸੀਆਂ ਦਾ ਯੋਗਦਾਨ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਰਵਾਸੀਆਂ ਨੂੰ ਆਪਣੇ ਹੱਕ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਸਗੋਂ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਪ੍ਰਤੀ ਪਾਏ ਜਾ ਰਹੇ ਪਰਵਾਸੀਆਂ ਦੇ ਯੋਗਦਾਨ ਬਦਲੇ ਉਨ੍ਹਾਂ ਦਾ ਖ਼ਿਆਲ ਰੱਖਿਆ ਜਾਵੇ।
ਇੱਥੇ ਜ਼ਿਕਰਯੋਗ ਹੈ ਕਿ ਤਕਰੀਬਨ ਤਿੰਨ ਕੁ ਵਰ੍ਹੇ ਪਹਿਲਾਂ ਅਰਵਿੰਦ ਦੁੱਗਲ ਦੀ ਅਗਵਾਈ ਵਿਚ ਐਡੀਲੇਡ ਦੇ ਕੁਝ ਜਾਗਰੂਕ ਸੱਜਣਾਂ ਨੇ ਮਾਪਿਆਂ ਦੇ ਵੀਜ਼ੇ ਸੰਬੰਧੀ ਆਉਂਦੀਆਂ ਦਿੱਕਤਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਇਕ ਮੁਹਿੰਮ ਵਿੱਢੀ ਸੀ। ਜਿਸ ਤਹਿਤ ਆਸਟ੍ਰੇਲੀਆ ਭਰ ਤੋਂ ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀਆਂ ਦੇ ਸਹਿਯੋਗ ਸਦਕਾ ਆਸਟ੍ਰੇਲੀਆ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਨੂੰ ਪਿਛਲੀਆਂ ਚੋਣਾਂ ਦੌਰਾਨ ਇਸ ਸੰਬੰਧੀ ਕੁਝ ਵਾਅਦੇ ਕਰਨ ਲਈ ਮਜਬੂਰ ਹੋਣਾ ਪਿਆ ਸੀ। ਪਰ ਵੋਟਾਂ ਦੀ ਜਿੱਤ ਤੋਂ ਬਾਅਦ ਲਿਬਰਲ ਪਾਰਟੀ ਸਤਾ 'ਚ ਆਈ ਤੇ ਉਨ੍ਹਾਂ ਇਹਨਾਂ ਚੋਣਾਂ 'ਚ ਕੀਤੇ ਵਾਅਦੇ ਛਿੱਕੇ ਟੰਗ ਦਿੱਤੇ। ਪਰ ਵਿਰੋਧੀ ਪਾਰਟੀ ਲੇਬਰ ਅਤੇ ਗ੍ਰੀਨਜ਼ ਵਾਲੇ ਵੇਲੇ-ਵੇਲੇ ਸਿਰ ਇਸ ਪੱਖ 'ਚ ਹਾਂ ਦਾ ਨਾਅਰਾ ਮਾਰਦੇ ਰਹੇ ਹਨ। ਇਸ ਮੁਹਿੰਮ ਦੇ ਮੁੱਖ ਬੁਲਾਰੇ ਅਤੇ ਪ੍ਰਬੰਧਕ ਅਰਵਿੰਦ ਦੁੱਗਲ ਨੇ ਇਸ ਮੌਕੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਲੇਬਰ ਪਾਰਟੀ ਵੱਲੋਂ ਮਿਲਦੇ ਹੁੰਗਾਰੇ ਲਈ ਖ਼ਾਸ ਤੌਰ ਤੇ ਮੋਨਿਕਾ ਬੁਧੀਰਾਜਾ, ਸਿੰਮ ਮੱਲ੍ਹੀ, ਰਸਲ ਵਾਟਲੇ ਅਤੇ ਸਟੀਵਨ ਜਾਰਜਅੱਸ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਪਹੁੰਚਣ ਵਾਲਿਆਂ 'ਚ ਡੈਨੀਅਲ ਕੋਨਲ, ਬਲਵੰਤ ਸਿੰਘ, ਅਮਰੀਕ ਸਿੰਘ, ਬੌਬੀ ਸੈਂਭੀ, ਮਿੰਟੂ ਬਰਾੜ, ਦਵਿੰਦਰਪਾਲ ਸਿੰਘ, ਰਿੱਕੀ, ਗਗਨ, ਸੁਰਿੰਦਰ ਚਾਹਰ, ਧਰੁਵ ਕੁਮਾਰ, ਮੋਨਿਕਾ(ਐੱਸ.ਬੀ.ਐੱਸ.) ਰਵੀ, ਯਸ਼ਪਾਲ, ਆਦਿ ਤੋਂ ਬਿਨਾਂ ਨੇਪਾਲੀ, ਕੈਨੇਡੀਅਨ, ਇਰਾਨੀ, ਅਫ਼ਗ਼ਾਨ ਅਤੇ ਹੋਰ ਬਹੁਤ ਸਾਰੇ ਭਾਈਚਾਰਿਆਂ ਨੇ ਹਿੱਸਾ ਲਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਵੇਂ ਆਸਟ੍ਰੇਲੀਆ 'ਚ ਅਣਗਿਣਤ ਮੁਲਕਾਂ ਤੋਂ ਪਰਵਾਸੀ ਆ ਕੇ ਵਸੇ ਹਨ ਅਤੇ ਸਾਰਿਆਂ ਨੂੰ ਮਾਪਿਆਂ ਦੇ ਵੀਜ਼ੇ ਦੀਆਂ ਸਮੱਸਿਆਵਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ, ਪਰ ਭਾਰਤੀਆਂ ਵੱਲੋਂ ਇਹ ਮੁਹਿੰਮ ਦਾ ਵਿੱਢਣਾ ਇਹ ਸਾਬਤ ਕਰਦਾ ਹੈ ਕਿ ਸਾਡੇ ਵਿਰਸੇ 'ਚ ਪਰਵਾਰਿਕ ਰਿਸ਼ਤੇ ਦੀਆਂ ਕੀ ਕਦਰਾਂ ਕੀਮਤਾਂ ਹਨ।
ਅਮਰੀਕਾ 'ਚ ਫਲੂ ਕਾਰਨ ਹੋਈ 80,000 ਲੋਕਾਂ ਦੀ ਮੌਤ
NEXT STORY