ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਅੰਦੋਲਨ ਰਾਹੀਂ ਸ਼ੇਖ ਹਸੀਨਾ ਦੀ ਸੱਤਾ ਦੇ ਤਖ਼ਤਾ ਪਲਟ ਨੂੰ ਦੋ ਸਾਲ ਪੂਰੇ ਹੋਣ ਵਾਲੇ ਹਨ, ਪਰ ਹੁਣ ਦੇਸ਼ ਦੇ ਸਿਆਸੀ ਭਵਿੱਖ 'ਤੇ ਮੁੜ ਸਵਾਲ ਖੜ੍ਹੇ ਹੋ ਰਹੇ ਹਨ। ਆਲੋਚਕਾਂ ਅਤੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਵਿੱਚ ਸੁਧਾਰਾਂ ਦੀ ਰਫਤਾਰ ਮੱਠੀ ਪੈ ਰਹੀ ਹੈ ਅਤੇ ਸਿਆਸੀ ਪਾੜਾ ਮੁੜ ਡੂੰਘਾ ਹੁੰਦਾ ਜਾ ਰਿਹਾ ਹੈ।
ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਤੋਂ ਬਾਅਦ ਸੱਤਾ ਵਿੱਚ ਆਈ ਤਾਰਿਕ ਰਹਿਮਾਨ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) 'ਤੇ ਸੁਧਾਰਾਂ ਦੇ ਵਾਅਦਿਆਂ ਤੋਂ ਪਿੱਛੇ ਹਟਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਰਿਪੋਰਟ ਅਨੁਸਾਰ ਅੰਤਰਿਮ ਸਰਕਾਰ ਵੱਲੋਂ ਲਿਆਂਦੇ ਗਏ 133 ਆਰਡੀਨੈਂਸਾਂ ਵਿੱਚੋਂ BNP ਸਰਕਾਰ ਨੇ 20 ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਨਾਲ ਸਬੰਧਤ ਮਹੱਤਵਪੂਰਨ ਸੁਧਾਰ ਸ਼ਾਮਲ ਸਨ।
ਵਿਦਿਆਰਥੀ ਆਗੂਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਚਿੰਤਾ ਜਤਾਈ ਹੈ ਕਿ ਦੇਸ਼ ਮੁੜ ਪੁਰਾਣੇ ਦੌਰ ਵੱਲ ਮੁੜ ਰਿਹਾ ਹੈ। ਹਿਊਮਨ ਰਾਈਟਸ ਵਾਚ (HRW) ਨੇ ਚੇਤਾਵਨੀ ਦਿੱਤੀ ਹੈ ਕਿ 'ਜਬਰੀ ਲਾਪਤਾ'ਦੀਆਂ ਘਟਨਾਵਾਂ ਦੀ ਜਾਂਚ ਦਾ ਕੰਮ ਪੁਲਿਸ ਨੂੰ ਸੌਂਪਣ ਨਾਲ ਪਾਰਦਰਸ਼ਤਾ ਖ਼ਤਮ ਹੋ ਜਾਵੇਗੀ ਅਤੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਨਹੀਂ ਹੋ ਸਕੇਗੀ। 2024 ਦੇ ਅੰਦੋਲਨ ਤੋਂ ਬਾਅਦ 'ਜਬਰੀ ਲਾਪਤਾ' ਹੋਣ ਦਾ ਪਹਿਲਾ ਮਾਮਲਾ ਅਪ੍ਰੈਲ 2026 ਵਿੱਚ ਸਾਹਮਣੇ ਆਇਆ,ਜਿਸ ਵਿੱਚ ਇੱਕ ਵਿਅਕਤੀ ਦਾ ਤਿੰਨ ਮਹੀਨਿਆਂ ਬਾਅਦ ਵੀ ਕੋਈ ਪਤਾ ਨਹੀਂ ਲੱਗ ਸਕਿਆ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ ਖੁਲਾਸਾ
ਢਾਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਹੰਮਦ ਤਨਜ਼ੀਮੂਦੀਨ ਖਾਨ ਅਨੁਸਾਰ, "ਅਸੀਂ ਦੇਖਿਆ ਹੈ ਕਿ ਵਿਤਕਰੇ ਦੇ ਖਾਤਮੇ ਜਾਂ ਜਿਸ ਨਵੇਂ ਸਿਆਸੀ ਪ੍ਰਬੰਧ ਦਾ ਵਾਅਦਾ ਕੀਤਾ ਗਿਆ ਸੀ, ਉਹ ਨਜ਼ਰ ਨਹੀਂ ਆ ਰਿਹਾ"। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਸਮੇਤ ਸਾਰੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਮੁੜ ਸਿਆਸੀਕਰਨ ਸ਼ੁਰੂ ਹੋ ਗਿਆ ਹੈ। 'ਨੈਸ਼ਨਲ ਸਿਟੀਜ਼ਨ ਪਾਰਟੀ' (NCP) ਦੇ ਬੁਲਾਰੇ ਆਸਿਫ਼ ਮਹਿਮੂਦ ਨੇ BNP 'ਤੇ ਜਨਤਾ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਹਸੀਨਾ ਦੀ ਸੰਭਾਵੀ ਵਾਪਸੀ ਅਤੇ ਦੇਸ਼ ਵਿੱਚ ਵਧਦੀ ਸਿਆਸੀ ਵੰਡ ਆਉਣ ਵਾਲੇ ਸਮੇਂ ਵਿੱਚ ਬੰਗਲਾਦੇਸ਼ ਵਿੱਚ ਮੁੜ ਅਸਥਿਰਤਾ ਪੈਦਾ ਕਰ ਸਕਦੀ ਹੈ।
ਭਾਰਤ 'ਚ ਸਵੈ-ਜਲਾਵਤਨੀ ਕੱਟ ਰਹੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇੱਕ ਇੰਟਰਵਿਊ ਦੌਰਾਨ ਐਲਾਨ ਕੀਤਾ ਹੈ ਕਿ ਉਹ ਦਸੰਬਰ ਵਿੱਚ ਬੰਗਲਾਦੇਸ਼ ਵਾਪਸ ਆ ਕੇ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰੇਗੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਸ ਨੂੰ 2024 ਦੇ ਅੰਦੋਲਨ ਦੌਰਾਨ ਹੋਏ ਮਾਨਵਤਾ ਵਿਰੁੱਧ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਹਸੀਨਾ ਨੇ ਇਹਨਾਂ ਕਾਰਵਾਈਆਂ ਨੂੰ "ਸਿਆਸੀ ਬਦਲਾਖੋਰੀ" ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਦੀ ਬ੍ਰਹਮੋਸ ਮਿਜ਼ਾਈਲ ਖਰੀਦਣ 'ਚ ਥਾਈਲੈਂਡ ਨੇ ਦਿਖਾਈ ਦਿਲਚਸਪੀ
NEXT STORY