ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਅਗਲੇ ਸਾਲ ਹੋਣ ਪੰਜਾਬ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਜਾਰੀ ਕਰ ਸਕਦੀ ਹੈ। ਇਹ ਫ਼ੈਸਲਾ ਫਰਵਰੀ ਵਿਚ ਹੋਣ ਵਾਲੀਆਂ ਸੰਭਾਵਿਤ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਉਮੀਦਵਾਰਾਂ ਨੂੰ ਚੋਣ ਮੁਹਿੰਮ ਦੀ ਤਿਆਰੀ ਦਾ ਮੌਕਾ ਦੇਣ ਲਈ ਲਿਆ ਜਾ ਰਿਹਾ ਹੈ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਨੇ ਆਪਣੇ ਦੋ ਰੋਜ਼ਾ ਪੰਜਾਬ ਦੌਰੇ ਦੇ ਅਖੀਰ ਵਿਚ ਅੰਮ੍ਰਿਤਸਰ ਵਿਖੇ ਸੂਬਾਈ ਜਨਰਲ ਸਕੱਤਰਾਂ ਨਾਲ ਇਕ ਗੁਪਤ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਸੰਭਾਵਿਤ ਉਮੀਦਵਾਰਾਂ ਦੀ ਪਛਾਣ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਨਾਲ ਉਨ੍ਹਾਂ ਨੂੰ ਆਪਣੇ ਹਲਕਿਆਂ ਵਿਚ ਜਾ ਕੇ ਚੋਣ ਪ੍ਰਚਾਰ ਕਰਨ ਅਤੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਕਾਫ਼ੀ ਸਮਾਂ ਮਿਲ ਜਾਵੇਗਾ।
ਪ੍ਰਾਈਵੇਟ ਏਜੰਸੀਆਂ ਰਾਹੀਂ ਕਰਵਾਇਆ ਜਾ ਰਿਹਾ ਹੈ ਸਰਵੇਖਣ
ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਪ੍ਰਾਈਵੇਟ ਏਜੰਸੀਆਂ ਰਾਹੀਂ ਸੁਤੰਤਰ ਸਰਵੇਖਣ ਵੀ ਕਰਵਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਬੀ. ਐੱਲ. ਸੰਤੋਸ਼ ਨੇ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਸਰਵੇਖਣਾਂ ਦੀ ਰਿਪੋਰਟ ਉਮੀਦਵਾਰਾਂ ਦੇ ਪੈਨਲ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਇਹ ਕਦਮ ਭਾਜਪਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿਚ ਰਵਾਇਤੀ ਤੌਰ 'ਤੇ ਪਾਰਟੀ ਦਾ ਸੰਗਠਨਾਤਮਕ ਆਧਾਰ ਸੀਮਤ ਰਿਹਾ ਹੈ।
ਪੁਰਾਣਾ ਸਿਆਸੀ ਸਮੀਕਰਨ ਅਤੇ ਨਵੀਂ ਰਣਨੀਤੀ
ਜਦੋਂ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ (SAD) ਨਾਲ ਗੱਠਜੋੜ ਸੀ, ਤਾਂ ਪਾਰਟੀ ਪੰਜਾਬ ਦੀਆਂ 117 ਸੀਟਾਂ ਵਿੱਚੋਂ ਸਿਰਫ਼ 23 ਸੀਟਾਂ 'ਤੇ ਚੋਣ ਲੜਦੀ ਸੀ। ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਕਰਕੇ 70 ਸੀਟਾਂ 'ਤੇ ਚੋਣ ਲੜੀ ਸੀ। ਇਸ ਵਿਚ ਪਾਰਟੀ ਸਿਰਫ਼ 2 ਸੀਟਾਂ ਜਿੱਤ ਸਕੀ ਸੀ ਅਤੇ ਉਸ ਨੂੰ ਲਗਭਗ 6 ਫੀਸਦੀ ਵੋਟਾਂ ਮਿਲੀਆਂ ਸਨ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਮੀਦਵਾਰਾਂ ਦਾ ਜਲਦੀ ਐਲਾਨ ਕਰਨ ਨਾਲ ਹਲਕਾ ਪੱਧਰ 'ਤੇ ਸੰਗਠਨ ਮਜ਼ਬੂਤ ਹੋਵੇਗਾ ਅਤੇ ਲੰਬਾ ਚੋਣ ਪ੍ਰਚਾਰ ਚਲਾਇਆ ਜਾ ਸਕੇਗਾ।
ਪੱਛਮੀ ਬੰਗਾਲ ਦੇ ਤਜ਼ਰਬੇ ਮਗਰੋਂ ਲਿਆ ਫ਼ੈਸਲਾ
ਪਾਰਟੀ ਦੇ ਇਸ ਕਦਮ ਨੂੰ ਪੱਛਮੀ ਬੰਗਾਲ ਚੋਣਾਂ ਦੇ ਤਜ਼ਰਬੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬੰਗਾਲ ਵਿਚ ਵੀ ਭਾਜਪਾ ਨੇ ਚੋਣਾਂ ਤੋਂ ਕਾਫ਼ੀ ਪਹਿਲਾਂ ਉਮੀਦਵਾਰ ਐਲਾਨ ਦਿੱਤੇ ਸਨ, ਜਿਸ ਨਾਲ ਉਮੀਦਵਾਰਾਂ ਨੂੰ ਹਲਕਾ ਪੱਧਰ 'ਤੇ ਤਿਆਰੀ ਕਰਨ ਅਤੇ ਪ੍ਰਚਾਰ ਕਰਨ ਲਈ ਲੋੜੀਂਦਾ ਸਮਾਂ ਮਿਲਿਆ ਸੀ।
ਬੂਥ ਪੱਧਰ 'ਤੇ ਸੰਗਠਨ ਮਜ਼ਬੂਤ ਕਰਨ ਦਾ ਟੀਚਾ
ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਮੁਤਾਬਕ ਭਾਜਪਾ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰੇਗੀ ਅਤੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਕਾਫ਼ੀ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੰਗਠਨ ਸਕੱਤਰ ਨੇ ਸਾਨੂੰ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਕੁਝ ਅਹਿਮ ਟੀਚੇ ਦਿੱਤੇ ਹਨ, ਜਿਨ੍ਹਾਂ 'ਤੇ ਪਾਰਟੀ ਦੇ ਆਗੂ ਤੇ ਵਰਕਰ ਤੇਜ਼ੀ ਨਾਲ ਕੰਮ ਕਰਨਗੇ।
ਨਵੇਂ ਇੰਚਾਰਜ ਸਤੀਸ਼ ਪੂਨੀਆ ਦਾ ਪੰਜਾਬ ਦੌਰਾ
ਇਸ ਦੌਰਾਨ, ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਸਤੀਸ਼ ਪੂਨੀਆ 30 ਅਗਸਤ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੇ ਇਸ ਦੌਰੇ ਦਾ ਮੁੱਖ ਕੇਂਦਰ ਬਿੰਦੂ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨੂੰ ਅੱਗੇ ਵਧਾਉਣਾ ਹੋਵੇਗਾ।
ਕਿਸਾਨ ਦੇ ਖੇਤਾਂ ’ਚੋਂ ਮਿਲੀ 4 ਕਿਲੋ ਹੈਰੋਇਨ ਦੀ ਖੇਪ
NEXT STORY