ਵਾਸ਼ਿੰਗਟਨ (ਰਾਜ ਗੋਗਨਾ): ਹਰ ਸਾਲ 4 ਜੁਲਾਈ ਨੂੰ ਅਮਰੀਕਾ ਦਾ ਅਜ਼ਾਦੀ ਦਿਵਸ ਅਮਰੀਕੀਆਂ ਵਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਪਿਛਲੇ ਦੋ ਸਾਲ ਵਿਚ ਕੋਰੋਨਾ ਕਾਰਨ ਇਹ ਪਰੇਡ ਨਹੀਂ ਹੋ ਸਕੀ। ਇਸ ਵਾਰ ਇਹ ਪਰੇਡ ਵਾਸ਼ਿੰਗਟਨ ਡੀ.ਸੀ. ’ਚ ਸ਼ਾਨੋ ਸ਼ੌਕਤ ਨਾਲ ਕੱਢੀ ਜਾ ਰਹੀ ਹੈ। ਇਸ ਪਰੇਡ ਵਿਚ ਹਿੱਸਾ ਲੈਣ ਲਈ ਸਿੱਖਸ ਆਫ ਅਮੈਰਿਕਾ ਵਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਇਕੱਤਰਤਾ ਕੀਤੀ ਗਈ, ਜਿਸ ਵਿਚ ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਮੀਤ ਪ੍ਰਧਾਨ, ਡਾਇਰੈਕਟਰ ਸੁਖਪਾਲ ਧਨੋਆ, ਵਰਿੰਦਰ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਜਸਵਿੰਦਰ ਸਿੰਘ, ਇੰਦਰਜੀਤ ਗੁਜਰਾਲ, ਮਨਪ੍ਰੀਤ ਸਿੰਘ, ਸਰਬਜੀਤ ਬਖਸ਼ੀ, ਹਰਬੀਰ ਬੱਤਰਾ, ਚਤਰ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਸਿੱਖਸ ਆਫ ਅਮੈਰਿਕਾ ਪਿਛਲੇ ਕਈ ਸਾਲ ਤੋਂ ਇਸ ਪਰੇਡ ਵਿਚ ਹਿੱਸਾ ਲੈਂਦੀ ਆਈ ਹੈ। ਉਨਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਹੀ ਇਸ ਪਰੇਡ ਵਿਚ ਸਿੱਖਸ ਆਫ ਅਮੈਰਿਕਾ ਦਾ ਫਲੋਟ ਸ਼ਾਮਿਲ ਹੋਵੇਗਾ, ਜਿਸ ਵਿਚ ਸਿੱਖੀ ਦੀ ਵੱਖਰੀ ਪਛਾਣ ਦੀ ਝਲਕ ਵੇਖਣ ਨੂੰ ਮਿਲੇਗੀ। ਉਨਾਂ ਕਿਹਾ ਕਿ ਇਸ ਫਲੋਟ ਵਿਚ ਅਮਰੀਕਾ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਸਿੱਖ ਸ਼ਾਮਿਲ ਹੋਣਗੇ। ਸ: ਜੱਸੀ ਨੇ ਦੱਸਿਆ ਕਿ ਸਾਡੀ ਸੰਸਥਾ ਦੀ ਪਛਾਣ ਚਿੱਟੇ, ਨੀਲੇ ਅਤੇ ਲਾਲ ਰੰਗ ਨਾਲ ਪਛਾਣ ਹੈ, ਇਸ ਲਈ ਪਰੇਡ ਵਿਚ ਸ਼ਾਮਿਲ ਹੋਣ ਵਾਲੇ ਸਿੱਖ ਮਰਦ ਲਾਲ ਪੱਗ, ਚਿੱਟੀ ਕਮੀਜ਼ ਅਤੇ ਨੀਲੀ ਪੈਂਟ ਪਹਿਨਣਗੇ ਜਦਕਿ ਔਰਤਾਂ ਵਿਚ ਇਹਨਾਂ ਰੰਗਾਂ ਦੇ ਕੱਪੜੇ ਹੀ ਪਹਿਨਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਬ੍ਰਿਟਿਸ਼ ਮਹਾਰਾਣੀ ਦੀ ਸਨਮਾਨ ਸੂਚੀ 'ਚ ਉੱਘੇ ਲੇਖਕ ਸਲਮਾਨ ਰਸ਼ਦੀ ਦਾ ਨਾਮ ਸਿਖਰ 'ਤੇ
ਜੱਸੀ ਨੇ ਦੱਸਿਆ ਕਿ ਪਰੇਡ ਵਿਚ ਸ਼ਾਮਿਲ ਹੋਣ ਦਾ ਮਕਸਦ ਇਕ ਤਾਂ ਸਿੱਖੀ ਦੀ ਵੱਖਰੀ ਪਛਾਣ ਬਾਰੇ ਅਮਰੀਕਾ ਦੇ ਦੂਜੇ ਭਾਈਚਾਰਿਆਂ ਨੂੰ ਜਾਣੂੰ ਕਰਵਾਉਣਾ ਹੈ ਅਤੇ ਦੂਜਾ ਅਮਰੀਕੀਆਂ ਨੂੰ ਇਹ ਵੀ ਦੱਸਣਾ ਹੈ ਕਿ ਅਮਰੀਕਾ ਦੀ ਤਰੱਕੀ ਵਿਚ ਸਿੱਖ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨਾਂ ਸਮੂਹ ਸਿੱਖਾਂ ਨੂੰ ਇਸ ਪਰੇਡ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਮਾਣ ਦੀ ਗੱਲ, ਬ੍ਰਿਟਿਸ਼ ਮਹਾਰਾਣੀ ਦੀ ਸਨਮਾਨ ਸੂਚੀ 'ਚ ਉੱਘੇ ਲੇਖਕ ਸਲਮਾਨ ਰਸ਼ਦੀ ਦਾ ਨਾਮ ਸਿਖਰ 'ਤੇ
NEXT STORY