ਟੌਰੰਗਾ (ਨਿਊਜ਼ੀਲੈਂਡ): ਨਿਊਜ਼ੀਲੈਂਡ ਵਿੱਚ ਧਾਰਮਿਕ ਸਹਿਣਸ਼ੀਲਤਾ ਅਤੇ ਬਹੁ-ਸੱਭਿਆਚਾਰਕ ਕਦਰਾਂ-ਕੀਮਤਾਂ 'ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਸ਼ਾਂਤਮਈ ਨਗਰ ਕੀਰਤਨ ਨੂੰ ਲਗਾਤਾਰ ਦੂਜੀ ਵਾਰ ਸੱਜੇ-ਪੱਖੀ ਸਮੂਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਟੌਰੰਗਾ ਸ਼ਹਿਰ ਵਿੱਚ ਵਾਪਰੀ। 11 ਜਨਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਜਦੋਂ ਨਗਰ ਕੀਰਤਨ ਗੁਰਦੁਆਰਾ ਸਿੱਖ ਸੰਗਤ ਤੋਂ ਸ਼ੁਰੂ ਹੋ ਕੇ ਕੈਮਰਨ ਰੋਡ ਰਾਹੀਂ ਟੌਰੰਗਾ ਬੁਆਏਜ਼ ਕਾਲਜ ਵੱਲ ਜਾ ਰਿਹਾ ਸੀ, ਤਾਂ ਸੱਜੇ-ਪੱਖੀ ਪੇਂਟੇਕੋਸਟਲ ਆਗੂ ਬ੍ਰਾਇਨ ਤਮਾਕੀ ਅਤੇ ਉਨ੍ਹਾਂ ਦੇ 'ਡੇਸਟੀਨੀ ਚਰਚ' ਦੇ ਸਮਰਥਕਾਂ ਨੇ ਰਸਤਾ ਰੋਕ ਲਿਆ।
ਭੜਕਾਊ ਨਾਅਰੇਬਾਜ਼ੀ ਅਤੇ ਵਿਰੋਧ
ਪ੍ਰਦਰਸ਼ਨਕਾਰੀਆਂ ਨੇ ਰਵਾਇਤੀ ਮਾਓਰੀ 'ਹਾਕਾ' ਡਾਂਸ ਕੀਤਾ ਅਤੇ ਭੜਕਾਊ ਬੈਨਰ ਲਹਿਰਾਏ, ਜਿਨ੍ਹਾਂ 'ਤੇ ਲਿਖਿਆ ਸੀ: “ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ” ਅਤੇ “WHOSE STREETS? KIWI STREETS”। ਹਾਲਾਂਕਿ, ਨਿਊਜ਼ੀਲੈਂਡ ਪੁਲਸ ਅਤੇ ਸਿੱਖ ਸੇਵਾਦਾਰਾਂ ਦੀ ਚੌਕਸੀ ਕਾਰਨ ਸਥਿਤੀ ਕਾਬੂ ਹੇਠ ਰਹੀ ਅਤੇ ਨਗਰ ਕੀਰਤਨ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ।
ਤਮਾਕੀ ਦਾ ਵਿਵਾਦਿਤ ਬਿਆਨ
ਘਟਨਾ ਤੋਂ ਬਾਅਦ ਬ੍ਰਾਇਨ ਤਮਾਕੀ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ "ਸ਼ਾਂਤਮਈ ਵਿਰੋਧ" ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਨਗਰ ਕੀਰਤਨ ਦੌਰਾਨ ਤਲਵਾਰਾਂ ਲਹਿਰਾਉਣਾ "ਰਾਸ਼ਟਰੀ ਪਛਾਣ ਲਈ ਖਤਰਾ" ਹੈ। ਤਮਾਕੀ ਨੇ ਸਰਕਾਰ ਦੀ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਕ ਨੀਤੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਨਿਊਜ਼ੀਲੈਂਡ ਨੂੰ "ਈਸਾਈ ਮੁੱਲਾਂ ਵਾਲਾ ਦੇਸ਼" ਬਣਾਏ ਰੱਖਣ ਲਈ ਆਪਣਾ ਅੰਦੋਲਨ ਜਾਰੀ ਰੱਖਣਗੇ।
ਪਹਿਲਾਂ ਵੀ ਹੋ ਚੁੱਕਾ ਹੈ ਵਿਰੋਧ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਕਲੈਂਡ ਵਿੱਚ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਅਜਿਹਾ ਹੀ ਵਿਰੋਧ ਹੋਇਆ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਐੱਸ.ਜੀ.ਪੀ.ਸੀ. ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਅਤੇ ਵਿਸ਼ਵ ਭਰ ਵਿੱਚ ਸਤਿਕਾਰੀ ਜਾਂਦੀ ਪਰੰਪਰਾ ਹੈ। ਇਸ ਨੂੰ ਰੋਕਣ ਦੀ ਕੋਸ਼ਿਸ਼ ਧਾਰਮਿਕ ਆਜ਼ਾਦੀ ਅਤੇ ਸਮਾਜਿਕ ਸਦਭਾਵਨਾ 'ਤੇ ਸਿੱਧਾ ਹਮਲਾ ਹੈ। ਸ਼੍ਰੋਮਣੀ ਕਮੇਟੀ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਲੋਚਿਸਤਾਨ 'ਚ ਸਰਕਾਰ ਦੀ ਅਧਿਆਪਕਾਂ 'ਤੇ ਕਾਰਵਾਈ! ਹੱਕ ਮੰਗਣ ਵਾਲੇ 38 ਪ੍ਰੋਫੈਸਰ ਮੁਅੱਤਲ
NEXT STORY