ਲੰਡਨ (ਰਾਜਵੀਰ ਸਮਰਾ) ਹਰੇਕ ਸਾਲ ਦੀ ਤਰ੍ਹਾਂ ਇਸ ਵਾਰ 30 ਅਪ੍ਰੈਲ ਨੂੰ ਲੈਸਟਰ ਦੇ ਸਮੂਹ ਗੁਰਦੁਆਰਿਆਂ ਅਤੇ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਸੰਬੰਧੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ। ਠੰਢੀ-ਠੰਢੀ ਹਵਾ ਤੇ ਬੱਦਲਵਾਈ ਵਾਲੇ ਦਿਨ ਵੀ ਹਜ਼ਾਰਾਂ ਸੰਗਤਾਂ ਨੇ ਹੁਮ-ਹੁਮਾ ਕੇ ਨਗਰ ਕੀਰਤਨ 'ਚ ਭਾਗ ਲਿਆ। 'ਸਿੱਖ ਸੇਵਾ ਟਰੱਸਟ' ਦੇ ਸਿੰਘਾਂ ਨੇ ਨੌਜਵਾਨ ਬੱਚੇ-ਬੱਚੀਆਂ ਦੀ ਮਦਦ ਨਾਲ 6700 ਪੌਂਡ ਇਕੱਤਰ ਕੀਤੇ ਗਏ। ਲੱਗਭਗ 70 ਦੇ ਕਰੀਬ ਬੱਚਿਆਂ ਨੇ ਬਾਲਟੀਆਂ ਲੈ ਕੇ ਖਾਲਸਾ-ਏਡ, ਬਲਾਇੰਡ ਡੌਗ ਚੈਰਿਟੀ, ਵੂਈ ਵਰ ਸੋਲਜਰਸ ਤੇ ਦੋਆਬਾ ਸੇਵਾ ਸਮਿਤੀ ਚੈਰਿਟੀ ਲਈ ਮਾਇਆ ਇਕੱਠੀ ਕੀਤੀ। ਸੰਗਤਾਂ ਨੇ ਦਿਲ ਖੋਹਲ ਕੇ ਮਾਇਆ ਦਾਨ ਕੀਤੀ ਅਤੇ ਬੱਚਿਆਂ ਦੀਆਂ ਬਾਲਟੀਆਂ ਪੈਸਿਆਂ ਨਾਲ ਭਰ ਦਿੱਤੀਆਂ।
ਚੈਰਿਟੀਆਂ ਨੂੰ ਮਾਇਆ ਵੰਡਣ ਲਈ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼ਾਨਦਾਰ ਇਕੱਤਰਤਾ ਕੀਤੀ ਗਈ। ਗੁਰਦਵਾਰਾ ਪ੍ਰਧਾਨ ਮੰਗਲ ਸਿੰਘ ਨੇ ਸਭ ਨੂੰ ਜੀ-ਆਇਆਂ ਕਹਿਕੇ ਸਮਾਗਮ ਦੀ ਅਰੰਭਤਾ ਕੀਤੀ। ਸੁਖਦੇਵ ਸਿੰਘ ਔਜਲਾ ਦੇ ਯਤਨਾ ਸਦਕਾ ਇੰਗਲੈਂਡ ਦੀ ਰੋਇਲ ਨੇਵੀ ਵਲੋਂ ਲੈਫਟੀਨੈਂਟ ਕਮਾਂਡੈਂਟ ਬੀਬੀ ਹੈਨਾ ਮਕੈਨਜੀ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ।ਹਰਜਿੰਦਰ ਸਿੰਘ ਰਾਏ ਪ੍ਰਧਾਨ ਓਡਬੀ ਗੁਰਦਵਾਰਾ, ਅਮਰੀਕ ਸਿੰਘ ਗਿੱਲ ਗੁਰੂ ਨਾਨਕ ਗੁਰਦੁਆਰਾ, ਕਰਨੈਲ ਸਿੰਘ ਸਹੋਤਾ ਅਤੇ ਸੇਵਾ ਸਿੰਘ ਪਾਲਦੀ ਗੁਰੂ ਅਮਰਦਾਸ ਗੁਰਦੁਆਰਾ ਨੇ ਬੱਚਿਆਂ ਨੂੰ ਸ਼ਾਬਾਸ਼ ਦੇ ਸਰਟੀਫਿਕੇਟ ਭੇਟ ਕੀਤੇ। ਖਾਲਸਾ-ਏਡ ਦੇ ਨੁਮਾਇੰਦੇ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਆਪਣੀ ਜ਼ਿੰਦਗੀ ਦੇ ਨਿੱਜੀ ਤਜ਼ਰਬੇ ਸੰਗਤਾਂ ਨਾਲ ਸਾਂਝੇ ਕੀਤੇ।ਰੋਇਲ਼ ਨੇਵੀ ਤੋਂ ਲੈਫਟੀਨੈਂਟ ਕਮਾਂਡੈਂਟ ਹੈਨਾ ਮਕੈਨਜੀ ਨੇ ਚੈਰੀਟੀਆਂ ਦੇ ਨੁਮਾਇੰਦਿਆਂ ਨੂੰ ਮਾਇਆ ਦੇ ਚੈਕ ਭੇਟ ਕੀਤੇ ਅਤੇ ਮਨੁੱਖਤਾ ਦੇ ਭਲੇ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਭ ਤੋਂ ਵੱਧ ਮਾਇਆ ਇਕੱਠੀ ਕਰਨ ਵਾਲੇ ਤੇ ਲਗਾਤਾਰ ਦਸ ਵਾਰੀ ਮਾਇਆ ਇਕੱਠੀ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਰੂਪ 'ਚ ਟਰੌਫੀਆਂ ਦਿੱਤੀਆਂ ਗਈਆਂ।
ਵਰਨਣਯੋਗ ਹੈ ਕਿ 2011 'ਚ ਗੁਰਵਿੰਦਰ ਸਿੰਘ ਸਮਰਾ, ਜੁਝਾਰ ਸਿੰਘ, ਬਲਿੰਦਰ ਸਿੰਘ, ਮਨਜੀਤ ਸਿਘ ਵਿਰਦੀ, ਸੁਖਵਿੰਦਰ ਸਿੰਘ ਢੇਸੀ, ਕਸ਼ਮੀਰ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਚਿੱਟੀ ਵਲੋਂ ਸਿੱਖ ਸੇਵਾ ਟਰੱਸਟ ਦੀ ਆਰੰਭਤਾ ਕੀਤੀ ਗਈ ਸੀ ਅਤੇ ਹੁਣ ਤੱਕ 76 ਹਜ਼ਾਰ 200 ਪੌਂਡ ਇਕੱਤਰ ਕਰਕੇ ਵੰਡ ਚੁੱਕੇ ਹਨ। ਇਨ੍ਹਾਂ ਦਾ ਨਿਸ਼ਾਨਾ ਇੱਕ ਲੱਖ ਪੌਂਡ ਇਕੱਠੇ ਕਰਕੇ ਵੰਡਣਾ ਹੈ, ਜਿਸ ਨੂੰ ਇਹ ਬਹੁਤ ਛੇਤੀ ਪੂਰਾ ਕਰਨ ਲਈ ਆਸਵੰਦ ਹਨ। ਸਿੱਖ ਫੈਡਰੇਸ਼ਨ ਲੈਸਟਰ ਬਰਾਂਚ ਦੇ ਪ੍ਰਧਾਨ ਭਜਨ ਸਿੰਘ, ਸੇਵਾ ਸਿੰਘ ਪਾਲਦੀ, ਮਹਿੰਦਰ ਸਿੰਘ ਸੰਘਾ, ਗੁਰਦੀਪ ਸਿੰਘ, ਮਹਿੰਦਰ ਸਿੰਘ ਰੂਪਰਾਏ, ਸੁਰਿੰਦਰਪਾਲ ਸਿੰਘ , ਲ਼ਛਮਣ ਦਾਸ ਗੁਰੂ ਰਵੀਦਾਸ ਗੁਰਦੁਆਰਾ ਤੇ ਹੋਰ ਲੈਸਟਰ ਦੀਆਂ ਪੰਥਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸਮਾਪਤੀ ਤੇ ਮਨਦੀਪ ਸਿੰਘ ਚਿੱਟੀ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੈਸਟਰ ਦੀਆਂ ਸੰਗਤਾਂ ਵੱਲੋਂ ਚੈਰਿਟੀ ਕਾਰਜਾਂ ਲਈ ਤੱਤਪਰ ਰਹਿਣ ਦੀ ਕਾਮਨਾ ਕੀਤੀ।ਸਟੇਜ ਦੀ ਸੇਵਾ ਗੁਰਵਿੰਦਰ ਸਿੰਘ ਸਮਰਾ ਨੇ ਬਾ-ਖੂਬੀ ਨਿਭਾਈ।
ਪਾਕਿ ਨੇ ਕਤਰ ਸਬੰਧੀ ਖਬਰਾਂ ਨੂੰ ਕੀਤਾ ਖਾਰਜ਼
NEXT STORY