ਵਾਸ਼ਿੰਗਟਨ (ਰਾਜ ਗੋਗਨਾ) – ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ 35 ਸਾਲ ਦੀ ਸੇਵਾ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿੱਚ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਰਾਜਦੂਤ ਸੰਧੂ ਨੂੰ ਸਿੱਖਸ ਆਫ਼ ਅਮੈਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਸ਼ਾਹੀ ਅੰਦਾਜ਼ 'ਚ ਵਿਦਾਇਗੀ ਪਾਰਟੀ ਦਿੱਤੀ। ਮੈਰੀਲੈਂਡ ਸੂਬੇ ਦੇ ਗਰੀਨ ਬੈਲਟ ਸ਼ਹਿਰ 'ਚ ਮਾਰਟਿਨਸ ਕਰੌਸ ਵਿੰਡ ਬੈਂਕੁਇਟ ਹਾਲ 'ਚ ਕਰਵਾਏ ਗਏ ਇਸ ਸਮਾਰੋਹ ਵਿਚ ਸਿੱਖਸ ਆਫ ਅਮੈਰੀਕਾ ਦੇ ਬੈਨਰ ਹੇਠ ਐੱਨ.ਸੀ.ਏ.ਆਈ.ਏ. (ਨੈਸ਼ਨਲ ਕੌਂਸਲ ਆਫ ਏਸ਼ੀਅਨ ਇੰਡੀਅਨ ਐਸੋਸੀਏਸ਼ਨ), ਗਲੋਬਲ ਹਰਿਆਣਾ, ਓਵਰਸੀਜ਼ ਫਰੈਂਡਸ ਆਫ ਬੀ.ਜੇ.ਪੀ., ਯੂ.ਐੱਸ. ਇੰਡੀਆ ਸਿੱਖ ਅਲਾਇੰਸ, ਯੂ.ਐੱਸ. ਇੰਡੀਆ ਐੱਸ.ਐੱਮ.ਈ. ਕੌਂਸਲ, ਗਲੋਬਲ ਅਸਾਮੀ ਉੱਦਮਤਾ ਫੋਰਮ ਆਦਿ ਸੰਸਥਾਵਾਂ ਵਲੋਂ ਵੀ ਸ਼ਿਰਕਤ ਕੀਤੀ ਗਈ।
ਇਸ ਦੌਰਾਨ ਵ੍ਹਾਈਟ ਹਾਊਸ ਵਲੋਂ ਬਾਈਡਨ ਪ੍ਰਸਾਸ਼ਨ ਦੇ ਵਿਸ਼ੇਸ਼ ਪ੍ਰਤੀਨਿਧੀ ਰਾਹੁਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਿੱਖਸ ਆਫ ਅਮੈਰਿਕਾ ਵੱਲੋਂ ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਹਰਬੀਰ ਬੱਤਰਾ, ਪ੍ਰਭਜੋਤ ਬੱਤਰਾ, ਚੱਤਰ ਸਿੰਘ ਸੈਣੀ, ਰਾਜ ਸੈਣੀ, ਦਿਲਵੀਰ ਸਿੰਘ, ਰਤਨ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਜਦਕਿ ਭਾਈਚਾਰੇ ਵਲੋਂ ਰੋਇਲ ਤਾਜ ਇੰਡੀਅਨ ਰੈਸਟੋਰੈਂਟ ਦੇ ਮਾਲਕ ਜਸਵਿੰਦਰ ਸਿੰਘ, ਸ਼ਿਵਰਾਜ ਗੋਰਾਇਆ, ਕਰਮਜੀਤ ਸਿੰਘ, ਗੁਰਦੇਵ ਘੋਤੜਾ, ਰਜਿੰਦਰ ਸਿੰਘ ਗੋਗੀ ਆਦਿ ਨੇ ਸ਼ਿਰਕਤ ਕੀਤੀ।
ਸ. ਤਰਨਜੀਤ ਸਿੰਘ ਸੰਧੂ ਦੇ ਸਵਾਗਤ ਲਈ ਬਣਾਈ ਗਈ ਸਵਾਗਤੀ ਕਮੇਟੀ ਵਿੱਚ ਬਲਜਿੰਦਰ ਸਿੰਘ ਸ਼ੰਮੀ, ਪ੍ਰੀਤ ਤੱਖਰ, ਡਾ. ਸੁਧੀਰ ਸਕਸੇਰੀਆ, ਕੀਰਤੀ ਸਵਾਮੀ, ਲੀਸ਼ਾ ਪੁਲਵਰਟੀ, ਇੰਦਰਜੀਤ ਸਿੰਘ ਗੁਜਰਾਲ ਸ਼ਾਮਿਲ ਸਨ, ਜਿਨ੍ਹਾਂ ਨੇ ਢੋਲ ਨਾਲ ਤਰਨਜੀਤ ਸਿੰਘ ਸੰਧੂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਾਲ ਵਿੱਚ ਲੈ ਕੇ ਆਏ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਜਾਣ-ਪਛਾਣ ਉਪਰੰਤ ਸੁਖਪਾਲ ਸਿੰਘ ਧਨੋਆ ਨੇ ਵੱਖ-ਵੱਖ ਬੁਲਾਰਿਆਂ ਨੂੰ ਮੰਚ 'ਤੇ ਸੱਦਾ ਦਿੱਤਾ। ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਕੁਲਵਿੰਦਰ ਫਲੋਰਾ, ਸਰਬਜੀਤ ਬਖਸ਼ੀ, ਵਰਿੰਦਰ ਸਿੰਘ, ਜਸਵਿੰਦਰ ਸਿੰਘ ਜੰਨੀ, ਸਿੱਖਸ ਆਫ਼ ਅਮੈਰੀਕਾ ਬਾਲਟੀਮੋਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਚਰਨਜੀਤ ਸਿੰਘ ਸ਼ਾਮਲ ਹੋਏ। ਇਸ ਮੌਕੇ ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸ. ਸੰਧੂ ਦਾ ਸਮਾਗਮ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਜਿੱਥੇ ਤਰਨਜੀਤ ਸਿੰਘ ਸੰਧੂ ਨੇ ਇਕ ਅੰਬੈਸਡਰ ਵਜੋਂ ਸੇਵਾਵਾਂ ਨਿਭਾਉਂਦਿਆਂ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ, ਉੱਥੇ ਹੀ ਉਹਨਾਂ ਦਸਤਾਰ ਦਾ ਮਾਣ ਵੀ ਦੁਨੀਆ ਭਰ ਵਿਚ ਉੱਚਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਉੱਚੇ ਅਹੁਦੇ ਉੱਤੇ ਇਕ ਸਿੱਖ ਵਲੋਂ ਸੇਵਾਵਾਂ ਨਿਭਾਉਣੀਆਂ ਸਾਡੇ ਸਭ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਇਕ ਇਤਿਹਾਸਕ ਪ੍ਰਾਪਤੀ ਗਿਣੀ ਜਾਵੇਗੀ।
ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸ. ਤਰਨਜੀਤ ਸਿੰਘ ਸੰਧੂ ਨੇ ਲੰਬਾ ਸਮਾਂ ਅਮਰੀਕਾ 'ਚ ਵਸਦੇ ਭਾਰਤੀ ਭਾਈਚਾਰੇ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਦੇ ਕਾਰਜਕਾਲ ਵਿਚ ਭਾਰਤੀ ਭਾਈਚਾਰੇ ਨੂੰ ਕਦੇ ਵੀ ਕਿਸੇ ਕੰਮ ਲਈ ਸਮੱਸਿਆ ਨਹੀਂ ਆਈ। ਅਸੀਂ ਉਹਨਾਂ ਦੀਆਂ ਨਿਰਪੱਖ ਅਤੇ ਗਤੀਸ਼ੀਲ ਸੇਵਾਵਾਂ ਦੀ ਤਸਦੀਕ ਕਰਦੇ ਹੋਏ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੰਦੇ ਹਾਂ। ਉਹਨਾਂ ਲਈ ਸਾਡੇ ਦਿਲਾਂ ਵਿਚ ਹਮੇਸ਼ਾ ਸਤਿਕਾਰ ਰਹੇਗਾ। ਇਸ ਮੌਕੇ ਸ. ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅਮਰੀਕਾ ਵੱਸਦੇ ਭਾਰਤੀਆਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਹ ਹੱਲ ਕਰਵਾਈਆਂ ਜਾਣ। ਇਸ ਦੌਰਾਨ ਉਨ੍ਹਾਂ ਕਿਹਾ ਭਾਰਤੀ ਭਾਈਚਾਰੇ ਵਲੋਂ ਮਿਲੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਸਮਾਗਮ ਵਿਚ ਅੰਤ ਵਿਚ ਸ. ਸੰਧੂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਟਲੀ ਤੋਂ ਵਿਸ਼ੇਸ਼ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਿਆ
NEXT STORY