ਜੌਹਾਨਸਬਰਗ- ਦੱਖਣੀ ਅਫਰੀਕਾ ਨੇ ਆਪਣੇ ਸਿਹਤ ਕਰਮਚਾਰੀਆਂ ਨੂੰ ਆਕਸਫੋਰਡ-ਐਸਟ੍ਰਾਜੇਨੇਕਾ ਦਾ ਟੀਕਾ ਲਗਾਉਣ 'ਤੇ ਰੋਕ ਲਗਾ ਦਿੱਤੀ ਹੈ। ਇਹ ਫ਼ੈਸਲਾ ਇਕ ਰਸਾਇਣਕ ਪ੍ਰੀਖਣ ਦਾ ਨਤੀਜਾ ਆਉਣ ਦੇ ਬਾਅਦ ਲਿਆ ਗਿਆ, ਜਿਸ ਵਿਚ ਪਾਇਆ ਗਿਆ ਹੈ ਕਿ ਟੀਕਾ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਪੈਦਾ ਹੋਈ ਬੀਮਾਰੀ 'ਤੇ ਅਸਰਦਾਰ ਨਹੀਂ ਹੈ। ਦੱਖਣੀ ਅਫਰੀਕਾ ਨੂੰ ਐਸਟ੍ਰਾਜੇਨੇਕਾ ਟੀਕੇ ਦੀਆਂ ਪਹਿਲੀਆਂ 10 ਲੱਖ ਖੁਰਾਕਾਂ ਪਿਛਲੇ ਹਫ਼ਤੇ ਪ੍ਰਾਪਤ ਹੋਈਆਂ ਸਨ ਅਤੇ ਫਰਵਰੀ ਦੇ ਮੱਧ ਤੋਂ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਉਣ ਦੀ ਯੋਜਨਾ ਸੀ।
ਸ਼ੁਰੂਆਤੀ ਨਤੀਜਿਆਂ ਵਿਚ ਸਾਹਮਣੇ ਆਇਆ ਹੈ ਕਿ ਐਸਟ੍ਰਾਜੇਨੇਕਾ ਦਾ ਟੀਕਾ ਪ੍ਰਭਾਵਸ਼ਾਲੀ ਨਹੀਂ ਹੈ। ਇਕ ਛੋਟੇ ਅਧਿਐਨ ਤੋਂ ਪ੍ਰਾਪਤ ਸ਼ੁਰੂਆਤੀ ਅੰਕੜਿਆਂ ਮੁਤਾਬਕ ਇਹ ਘੱਟੋ-ਘੱਟ ਪੱਧਰ ਦੀ ਸੁਰੱਖਿਆ ਦਿੰਦਾ ਹੈ। ਸਿਹਤ ਮੰਤਰੀ ਜਵੇਲੀ ਮਖਿਜੇ ਨੇ ਐਤਵਾਰ ਰਾਤ ਨੂੰ ਕਿਹਾ ਕਿ ਵਾਇਰਸ ਦਾ ਇਹ ਨਵਾਂ ਰੂਪ ਵਧੇਰੇ ਸੰਕਰਮਣ ਵਾਲਾ ਹੈ। ਉਨ੍ਹਾਂ ਕਿਹਾ ਕਿ ਐਸਟ੍ਰਾਜੇਨੇਕਾ ਟੀਕਾ ਕੋਰੋਨਾ ਵਾਇਰਸ 'ਤੇ ਪ੍ਰਭਾਵਸ਼ਾਲੀ ਸੀ ਪਰ ਕੋਰੋਨਾ ਦੇ ਨਵੇਂ ਸਟ੍ਰੇਨ 'ਤੇ ਇਸ ਦਾ ਕੋਈ ਅਸਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਟੀਕਾਕਰਣ ਨੂੰ ਅਸਥਾਈ ਰੂਪ ਨਾਲ ਰੋਕਣ ਦਾ ਫੈਸਲਾ ਲਿਆ ਹੈ। ਇਸ 'ਤੇ ਹੋਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਆਕਸਫੋਰਡ ਐਸਟ੍ਰਾਜੇਨੇਕਾ ਟੀਕੇ ਦੇ ਮੁੱਖ ਖੋਜਕਾਰ ਨੇ ਐਤਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਵਿਚ ਪਾਏ ਗਏ ਵਾਇਰਸ ਦੇ ਨਵੇਂ ਰੂਪ ਲਈ ਸੋਧਿਆ ਗਿਆ ਟੀਕਾ ਸਤੰਬਰ ਤੱਕ ਆਉਣ ਦੀ ਉਮੀਦ ਹੈ।
ਭਾਰਤੀ ਜੋੜੇ ਨੇ ਸਾੜੀ-ਧੋਤੀ 'ਚ ਬਰਫ 'ਚ ਲਗਾਈ ਦੌੜ, ਵੀਡੀਓ ਵਾਇਰਲ
NEXT STORY