ਇੰਟਰਨੈਸ਼ਨਲ ਡੈਸਕ- ਸਪੈਨਿਸ਼ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ਦੇ ਦੱਖਣੀ ਹਿੱਸੇ ’ਚ ਬੀਤੀ ਰਾਤ ਇਕ ਹਾਈ-ਸਪੀਡ ਟਰੇਨ ਦੀ ਟੱਕਰ ’ਚ ਘੱਟੋ-ਘੱਟ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਅਧਿਕਾਰੀਆਂ ਅਨੁਸਾਰ, ਲਾਸ਼ਾਂ ਨੂੰ ਕੱਢਣ ਦੀ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।
ਰੇਲ ਸੰਚਾਲਕ ‘ਐਡਿਫ’ ਅਨੁਸਾਰ, ਇਹ ਹਾਦਸਾ ਐਤਵਾਰ ਸ਼ਾਮ ਕਰੀਬ 7:45 ਵਜੇ ਵਾਪਰਿਆ, ਜਦੋਂ ਮਲਾਗਾ ਤੋਂ ਲੱਗਭਗ 300 ਯਾਤਰੀਆਂ ਨੂੰ ਲੈ ਕੇ ਰਾਜਧਾਨੀ ਮੈਡਰਿਡ ਜਾ ਰਹੀ ਟਰੇਨ ਦਾ ਪਿਛਲਾ ਹਿੱਸਾ ਲੀਹੋਂ ਲੱਥ ਗਿਆ। ਇਸ ਤੋਂ ਬਾਅਦ ਉਹ ਮੈਡਰਿਡ ਤੋਂ ਦੱਖਣੀ ਸਪੇਨ ਦੇ ਇਕ ਹੋਰ ਸ਼ਹਿਰ ਹੁਏਲਵਾ ਜਾ ਰਹੀ ਸਾਹਮਣੇ ਤੋਂ ਆ ਰਹੀ ਇਕ ਹੋਰ ਟਰੇਨ ਨਾਲ ਟਕਰਾਅ ਗਈ।
ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਕਿਹਾ ਕਿ ਦੂਜੀ ਟਰੇਨ ਦਾ ਅਗਲਾ ਹਿੱਸਾ, ਜਿਸ ਵਿਚ ਕਰੀਬ 200 ਯਾਤਰੀ ਸਵਾਰ ਸਨ, ਟੱਕਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਸ ਟੱਕਰ ਕਾਰਨ ਟਰੇਨ ਦੀਆਂ ਪਹਿਲੀਆਂ 2 ਬੋਗੀਆਂ ਲੀਹੋਂ ਲੱਥ ਗਈਆਂ ਅਤੇ ਕਰੀਬ ਚਾਰ ਮੀਟਰ ਡੂੰਘੀ ਢਲਾਣ ’ਚ ਜਾ ਡਿੱਗੀਆਂ। ਪੁਏਂਤੇ ਨੇ ਕਿਹਾ ਕਿ ਮ੍ਰਿਤਕਾਂ ਦੀ ਸਭ ਤੋਂ ਵੱਧ ਗਿਣਤੀ ਇਨ੍ਹਾਂ ਹੀ ਬੋਗੀਆਂ ਵਿਚ ਹੋਣ ਦਾ ਖ਼ਦਸ਼ਾ ਹੈ। ਅੰਡਾਲੂਸੀਆ ਖੇਤਰ ਦੇ ਪ੍ਰਧਾਨ ਜੁਆਨਮਾ ਮੋਰੇਨੋ ਨੇ ਸੋਮਵਾਰ ਸਵੇਰੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਅਜੇ ਵੀ ਉਸ ਜਗ੍ਹਾ ’ਤੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ, ਜਿੱਥੇ ਨੁਕਸਾਨੀਆਂ ਗਈਆਂ ਬੋਗੀਆਂ ਲੀਹੋਂ ਲੱਥ ਗਈਆਂ ਸਨ।
ਐਤਵਾਰ ਦੇਰ ਰਾਤ ਵੀਡੀਓ ਅਤੇ ਤਸਵੀਰਾਂ ਵਿਚ ਫਲੱਡ ਲਾਈਟਾਂ ਦੀ ਰੌਸ਼ਨੀ ’ਚ ਟਰੇਨ ਦੀਆਂ ਬੋਗੀਆਂ ਤਬਾਹ ਹੋਈਆਂ ਦਿਖਾਈ ਦਿੱਤੀਆਂ। ਯਾਤਰੀਆਂ ਨੇ ਦੱਸਿਆ ਕਿ ਉਹ ਟੁੱਟੀਆਂ ਹੋਈਆਂ ਖਿੜਕੀਆਂ ਰਾਹੀਂ ਬਾਹਰ ਨਿਕਲੇ, ਜਦਕਿ ਕੁਝ ਲੋਕਾਂ ਨੇ ਐਮਰਜੈਂਸੀ ਹਥੌੜਿਆਂ ਨਾਲ ਸ਼ੀਸ਼ੇ ਤੋੜ ਕੇ ਆਪਣੇ ਆਪ ਨੂੰ ਬਾਹਰ ਕੱਢਿਆ।
ਸਪੈਨਿਸ਼ ਪੁਲਸ ਅਨੁਸਾਰ, ਇਸ ਹਾਦਸੇ ਵਿਚ 159 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 5 ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 24 ਹੋਰ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹਨ। ਇਹ ਟੱਕਰ ਮੈਡਰਿਡ ਤੋਂ ਲੱਗਭਗ 370 ਕਿਲੋਮੀਟਰ ਦੱਖਣ ਵਿਚ ਕਾਰਡੋਬਾ ਸੂਬੇ ਦੇ ਇਕ ਕਸਬੇ ਆਦਮੁਜ ਕੋਲ ਹੋਈ। ਟਰਾਂਸਪੋਰਟ ਮੰਤਰੀ ਪੁਏਂਤੇ ਨੇ ਸੋਮਵਾਰ ਤੜਕੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਕਰਾਚੀ ਦੇ ਸ਼ਾਪਿੰਗ ਪਲਾਜ਼ਾ 'ਚ ਭਿਆਨਕ ਅੱਗ ਦਾ ਕਹਿਰ: 28 ਮੌਤਾਂ, 80 ਅਜੇ ਵੀ ਲਾਪਤਾ
NEXT STORY