ਫਰਿਜ਼ਨੋ, ( ਨੀਟਾ ਮਾਛੀਕੇ)— ਸਮੁੱਚੇ ਭਾਰਤ ਦੇ ਸੱਭਿਆਚਾਰ ਅੰਦਰ ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ, ਚੈਰੀ ਐਵਨਿਊੁ, ਫਰਿਜ਼ਨੋ ਵਿਖੇ ਮਨਾਇਆ ਗਿਆ।ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜਾਏ ਗਏ। ਇਸ ਵਿੱਚ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਰਾਮ ਸਿੰਘ ਜੀ ਅਤੇ ਕੀਰਤਨੀ ਜੱਥੇ ਤੋਂ ਇਲਾਵਾ ਬਹੁਤ ਸਾਰੇ ਕੀਰਤਨੀ ਜੱਥਿਆਂ ਨੇ ਗੁਰਮਤਿ ਵਿਚਾਰਾਂ ਅਤੇ ਕੀਰਤਨ ਰਾਹੀਂ ਹਾਜ਼ਰੀ ਭਰੀ।
ਇਸ ਸਮਾਗਮ ਵਿੱਚ ਪ੍ਰਸਿੱਧ ਢਾਡੀ ਗੁਰਨਾਮ ਸਿੰਘ ਭੰਡਾਲ ਅਤੇ ਸਾਥੀਆਂ ਨੇ ਢਾਡੀ ਵਾਰਾਂ ਰਾਹੀਂ ਗੁਰੂ ਜੀ ਦੀ ਮਹਿਮਾ ਅਤੇ ਇਤਿਹਾਸ ਸਰਵਣ ਕਰਵਾਇਆ। ਰਾਜ ਬਰਾੜ ਯਮਲਾ ਨੇ ਗੁਰੂ ਦੇ ਉਪਦੇਸ਼ ਸੰਬੰਧੀ ਗੀਤ ਗਾਏ। ਬੱਚਿਆ ਦੇ ਕੀਰਤਨ ਗਰੁੱਪਾਂ ਵਿੱਚ ਇੰਦਰਜੀਤ ਸਿੰਘ ਅਤੇ ਅਮਨਜੋਤ ਸਿੰਘ ਤੋਂ ਇਲਾਵਾ ਹੋਰ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਸਮਾਗਮ ਦੌਰਾਨ ਸਮੁੱਚੇ ਅਮਰੀਕਾ ਤੋਂ ਪਹੁੰਚੇ ਵੱਖ-ਵੱਖ ਗੁਰੂਘਰਾਂ ਦੇ ਪ੍ਰਤੀਨਿਧੀਆਂ ਨੇ ਸਟੇਜ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾਂ ਦੀ ਸਾਂਝ ਪਾਈ। ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਹਰਲੇ ਗੁਰੂਘਰਾਂ ਤੋਂ ਆਏ ਬੁਲਾਰੇ ਅਤੇ ਸਥਾਨਕ ਸੇਵਾਦਾਰਾਂ ਨੂੰ ਧਾਰਮਿਕ ਅਤੇ ਭਾਈਚਾਰਕ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ।
ਸਟੇਜ ਸੰਚਾਲਕ ਦੀ ਸੇਵਾ ਭਾਈ ਅਮਰਜੀਤ ਸਿੰਘ ਦਰੌਚ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਤਿੰਨੇ ਦਿਨ ਸ਼ਾਮ ਦੇ ਦੀਵਾਨ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਗੁਰੂਘਰ ਵਿੱਚ ਲੱਗੇ ਵੱਖ-ਵੱਖ ਸਟਾਲ ਅਤੇ ਦੁਕਾਨਾਂ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਸ ਸਮੇਂ ਪ੍ਰਬੰਧਕਾਂ ਅਤੇ ਸੰਗਤ ਨੇ ਗੁਰੂਘਰ ਅੰਦਰ ਇਤਿਹਾਸਕ ਲਾਇਬ੍ਰੇਰੀ ਦੀ ਸਥਾਪਨਾ 'ਤੇ ਵੀ ਖ਼ੁਸ਼ੀ ਪ੍ਰਗਟਾਈ ਤਾਂ ਜੋ ਨਵੀਂ ਪੀੜੀ ਦੇ ਬੱਚੇ ਅਤੇ ਹੋਰ ਸੰਗਤ ਇਨ੍ਹਾਂ ਪੁਸਤਕਾਂ ਰਾਹੀਂ ਗਿਆਨ ਪ੍ਰਾਪਤ ਕਰ ਸਕੇ। ਗੁਰੂਘਰ ਵਿੱਚ ਸੰਗਤਾਂ ਦੀ ਸਹੂਲਤ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਗਿਆ ਸੀ। ਇਸ ਸਮਾਗਮ ਦੀ ਹਮੇਸ਼ਾ ਵਾਂਗ ਇਹ ਵਿਸ਼ੇਸ਼ ਮਹਾਨਤਾ ਰਹੀ ਕਿ ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉੱਠ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਬਹੁ ਗਿਣਤੀ ਵਿੱਚ ਹਾਜ਼ਰੀਆਂ ਭਰਦੇ ਹੋਏ ਬਹੁਤ ਹੀ ਸ਼ਰਧਾ ਅਤੇ ਸਦਭਾਵਨਾ ਨਾਲ ਮਨਾਇਆ।
ਇਟਲੀ ਵਿਚ ਧੂਮ-ਧਾਮ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ
NEXT STORY