ਲਾਸ ਏਂਜਲਸ : ਮਸ਼ਹੂਰ ਬ੍ਰਿਟਿਸ਼ ਅਦਾਕਾਰ ਪੈਟ੍ਰਿਕ ਸਟੀਵਰਟ (Patrick Stewart) ਨਹੀਂ ਰਹੇ। ਵੀਰਵਾਰ ਦੇਰ ਰਾਤ 86 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਟੀਵਰਟ, ਜਿਨ੍ਹਾਂ ਨੇ 'ਸਟਾਰ ਟ੍ਰੈਕ: ਦ ਨੈਕਸਟ ਜਨਰੇਸ਼ਨ' ਵਿੱਚ ਕੈਪਟਨ ਜੀਨ-ਲਿਊਕ ਪਿਕਾਰਡ ਅਤੇ 'ਐਕਸ-ਮੈਨ' ਫਿਲਮਾਂ ਵਿੱਚ ਪ੍ਰੋਫੈਸਰ ਚਾਰਲਸ ਜੇਵੀਅਰ ਦੀਆਂ ਭੂਮਿਕਾਵਾਂ ਰਾਹੀਂ ਵਿਸ਼ਵ ਪੱਧਰ 'ਤੇ ਪਛਾਣ ਬਣਾਈ ਸੀ, ਨੇ ਲਾਸ ਏਂਜਲਸ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਉਹ ਅਲਜ਼ਾਈਮਰ ਰੋਗ ਅਤੇ 'ਲੇਵੀ ਬਾਡੀ ਡਿਮੈਂਸ਼ੀਆ' (Lewy body dementia) ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਅਧਿਕਾਰਤ 'ਐਕਸ' (ਪਹਿਲਾਂ ਟਵਿੱਟਰ) ਅਕਾਊਂਟ 'ਤੇ ਜਾਰੀ ਇੱਕ ਬਿਆਨ ਰਾਹੀਂ ਸਾਂਝੀ ਕੀਤੀ ਗਈ। ਬਿਆਨ ਮੁਤਾਬਕ ਅੰਤਿਮ ਸਮੇਂ ਦੌਰਾਨ ਉਨ੍ਹਾਂ ਦੀ ਪਤਨੀ ਸੰਨੀ ਓਜ਼ਲ (Sunny Ozell) ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।
ਗਰੀਬੀ 'ਚ ਬੀਤਿਆ ਬਚਪਨ, ਸ਼ੈਕਸਪੀਅਰ ਦੇ ਨਾਟਕਾਂ ਨਾਲ ਮਿਲੀ ਪਛਾਣ
ਪੈਟ੍ਰਿਕ ਸਟੀਵਰਟ ਦਾ ਜਨਮ 13 ਜੁਲਾਈ 1940 ਨੂੰ ਇੰਗਲੈਂਡ ਦੇ ਯੌਰਕਸ਼ਾਇਰ ਸਥਿਤ ਮਿਰਫੀਲਡ ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਕਾਫ਼ੀ ਗਰੀਬੀ ਅਤੇ ਮਾਲੀ ਤੰਗੀਆਂ ਵਿੱਚ ਬੀਤਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਨ੍ਹਾਂ ਦੇ ਪਿਤਾ ਸ਼ਰਾਬ ਦੀ ਆਦਤ ਅਤੇ ਪੋਸਟ-ਟ੍ਰੌਮੈਟਿਕ ਸਟ੍ਰੈਸ ਨਾਲ ਪੀੜਤ ਸਨ। ਜਦੋਂ ਉਹ 12 ਸਾਲ ਦੇ ਸਨ ਤਾਂ ਇੱਕ ਅਧਿਆਪਕ ਨੇ ਉਨ੍ਹਾਂ ਨੂੰ ਸ਼ੇਕਸਪੀਅਰ ਦੇ ਨਾਟਕ 'ਦਿ ਮਰਚੈਂਟ ਆਫ਼ ਵੈਨਿਸ' ਨਾਲ ਜਾਣੂ ਕਰਵਾਇਆ, ਜਿਸ ਤੋਂ ਬਾਅਦ ਅਦਾਕਾਰੀ ਉਨ੍ਹਾਂ ਲਈ ਇੱਕ ਸੁਰੱਖਿਅਤ ਰਾਹ ਬਣ ਗਈ। ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ 1960 ਦੇ ਦਹਾਕੇ ਵਿੱਚ 'ਰੋਇਲ ਸ਼ੇਕਸਪੀਅਰ ਕੰਪਨੀ' ਨਾਲ ਜੁੜ ਕੇ ਰੰਗਮੰਚ 'ਤੇ ਵੱਡੀ ਪਛਾਣ ਬਣਾਈ।
'ਸਟਾਰ ਟ੍ਰੈਕ' ਅਤੇ 'ਐਕਸ-ਮੈਨ' ਨੇ ਬਣਾਇਆ ਗਲੋਬਲ ਸਟਾਰ
47 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ 'ਸਟਾਰ ਟ੍ਰੈਕ: ਦਿ ਨੈਕਸਟ ਜਨਰੇਸ਼ਨ' (1987-1994) ਵਿੱਚ ਕੈਪਟਨ ਜੀਨ-ਲਿਊਕ ਪਿਕਾਰਡ ਦੀ ਭੂਮਿਕਾ ਮਿਲੀ, ਜਿਸ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਦੁਆਈ। ਇਸ ਸੀਰੀਜ਼ ਵਿੱਚ ਉਨ੍ਹਾਂ ਦੇ ਮਸ਼ਹੂਰ ਸੰਵਾਦ "Make it so" ਅਤੇ "Engage" ਦਰਸ਼ਕਾਂ ਵਿੱਚ ਬਹੁਤ ਚਰਚਿਤ ਹੋਏ। ਸਾਲ 2020 ਵਿੱਚ 79 ਸਾਲ ਦੀ ਉਮਰ ਵਿੱਚ ਉਹ 'ਸਟਾਰ ਟ੍ਰੈਕ: ਪਿਕਾਰਡ' ਸੀਰੀਜ਼ ਰਾਹੀਂ ਦੁਬਾਰਾ ਇਸ ਭੂਮਿਕਾ ਵਿੱਚ ਪਰਤੇ। ਇਸ ਤੋਂ ਇਲਾਵਾ ਸਾਲ 2000 ਵਿੱਚ ਰਿਲੀਜ਼ ਹੋਈ 'ਐਕਸ-ਮੈਨ' ਫਿਲਮ ਨਾਲ ਉਨ੍ਹਾਂ ਨੇ ਪ੍ਰੋਫੈਸਰ ਚਾਰਲਸ ਜੇਵੀਅਰ (ਪ੍ਰੋਫੈਸਰ ਐਕਸ) ਦੇ ਰੂਪ ਵਿੱਚ ਸੁਪਰਹੀਰੋ ਸਿਨੇਮਾ ਵਿੱਚ ਵੀ ਆਪਣਾ ਇੱਕ ਵਿਸ਼ੇਸ਼ ਮੁਕਾਮ ਸਥਾਪਿਤ ਕੀਤਾ।
ਇਹ ਵੀ ਪੜ੍ਹੋ : ਯੂਰਪ 'ਚ ਹੋਰ ਡੂੰਘਾ ਹੋਇਆ ਊਰਜਾ ਸੰਕਟ ! ਕੀਮਤਾਂ ਨੇ ਤੋੜੇ ਪਿਛਲੇ 4 ਸਾਲਾਂ ਦੇ ਰਿਕਾਰਡ
ਨਾਈਟਹੁੱਡ ਸਨਮਾਨ ਅਤੇ ਨਿੱਜੀ ਜੀਵਨ
ਅਦਾਕਾਰੀ ਦੇ ਖੇਤਰ ਵਿੱਚ ਦਿੱਤੇ ਵਡਮੁੱਲੇ ਯੋਗਦਾਨ ਲਈ ਸਾਲ 2010 ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਨੇ ਬਕਿੰਘਮ ਪੈਲੇਸ ਵਿੱਚ ਉਨ੍ਹਾਂ ਨੂੰ 'ਨਾਈਟਹੁੱਡ' (Knighthood) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਪੈਟ੍ਰਿਕ ਸਟੀਵਰਟ ਨੇ ਆਪਣੇ ਜੀਵਨ ਵਿੱਚ ਤਿੰਨ ਵਿਆਹ ਕੀਤੇ ਅਤੇ ਉਨ੍ਹਾਂ ਦੇ 2 ਬੱਚੇ ਹਨ। ਸਾਲ 2013 ਵਿੱਚ ਉਨ੍ਹਾਂ ਨੇ ਅਮਰੀਕੀ ਸੰਗੀਤਕਾਰ ਸੰਨੀ ਓਜ਼ਲ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਹਾਲੀਵੁੱਡ ਅਤੇ ਵਿਸ਼ਵ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੋਸਨੀਆ 'ਚ ਵੱਡਾ ਹਾਦਸਾ: EU ਦੀ ਸ਼ਾਂਤੀ ਸੈਨਾ ਦਾ ਹੈਲੀਕਾਪਟਰ ਕ੍ਰੈਸ਼, 4 ਜਵਾਨਾਂ ਦੀ ਮੌਤ
NEXT STORY