ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਜੰਗ ਕਾਰਨ ਹੋਰਮੁਜ਼ ਰਾਹੀਂ ਤੇਲ-ਗੈਸ ਦੀ ਸਪਲਾਈ 'ਚ ਪੈ ਰਹੀ ਰੁਕਾਵਟ ਕਾਰਨ ਪੂਰੇ ਯੂਰਪ ਅਤੇ ਬ੍ਰਿਟੇਨ 'ਚ ਊਰਜਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਯੂਰਪੀਅਨ ਯੂਨੀਅਨ ਦੇ ਗੈਸ ਭੰਡਾਰਾਂ 'ਚ ਕਮੀ, ਕੱਚੇ ਤੇਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਅਤੇ ਬ੍ਰਿਟੇਨ 'ਚ ਬਿਜਲੀ-ਗੈਸ ਦੇ ਬਿੱਲਾਂ ਵਿੱਚ ਭਾਰੀ ਵਾਧੇ ਦੇ ਖ਼ਦਸ਼ੇ ਨਾਲ ਆਮ ਖਪਤਕਾਰਾਂ ਦੇ ਨਾਲ-ਨਾਲ ਉਦਯੋਗਾਂ 'ਤੇ ਵੀ ਆਰਥਿਕ ਬੋਝ ਵਧ ਗਿਆ ਹੈ।
ਗਲੋਬਲ ਵਪਾਰ ਦਾ ਕਰੀਬ 5ਵਾਂ ਹਿੱਸਾ ਸੰਭਾਲਣ ਵਾਲਾ ਹੋਰਮੁਜ਼ ਇਸ ਵੇਲੇ ਅਮਰੀਕਾ-ਇਜ਼ਰਾਈਲ ਅਤੇ ਇਰਾਨ ਜੰਗ ਕਾਰਨ ਵੱਡੀ ਰੁਕਾਵਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਇੱਥੋਂ ਜਹਾਜ਼ਾਂ ਦੀ ਆਵਾਜਾਈ 'ਚ 80 ਫ਼ੀਸਦੀ ਤੱਕ ਗਿਰਾਵਟ ਆਈ ਹੈ। ਇਸ ਕਾਰਨ ਗਲੋਬਲ ਊਰਜਾ ਬਾਜ਼ਾਰ 'ਚ ਭਾਰੀ ਦਬਾਅ ਹੈ ਅਤੇ ਬ੍ਰੈਂਟ ਕਰੂਡ ਆਇਲ 115 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਬਣਿਆ ਹੋਇਆ ਹੈ।
25 ਅਕਤੂਬਰ ਤੱਕ ਯੂਰਪੀਅਨ ਯੂਨੀਅਨ ਦੀਆਂ ਗੈਸ ਸਟੋਰੇਜ ਫੈਸਿਲਟੀਜ਼ ਸਿਰਫ਼ 74.62 ਫ਼ੀਸਦੀ ਹੀ ਭਰੀਆਂ ਹੋਈਆਂ ਸਨ। ਸਰਦੀਆਂ ਦੀ ਆਮਦ ਅਤੇ ਵਧਦੀ ਡਿਮਾਂਡ ਨੂੰ ਦੇਖਦੇ ਹੋਏ 2026 ਦੀ ਚੌਥੀ ਤਿਮਾਹੀ ਤੱਕ ਯੂਰਪ 'ਚ ਕੁਦਰਤੀ ਗੈਸ ਦੀਆਂ ਕੀਮਤਾਂ 98.20 ਯੂਰੋ ਪ੍ਰਤੀ ਮੈਗਾਵਾਟ-ਘੰਟਾ (MWH) ਤੱਕ ਪਹੁੰਚਣ ਦਾ ਅਨੁਮਾਨ ਹੈ।
ਉੱਥੇ ਹੀ ਦਸੰਬਰ 2022 ਤੋਂ ਬਾਅਦ ਬ੍ਰਿਟੇਨ 'ਚ ਗੈਸ ਦੀਆਂ ਕੀਮਤਾਂ ਆਲ ਟਾਈਮ ਹਾਈ ਪੱਧਰ 'ਤੇ ਪਹੁੰਚ ਗਈਆਂ ਹਨ। ਐਨਰਜੀ ਕੰਪਨੀ EDF ਅਨੁਸਾਰ, ਜਨਵਰੀ 2027 ਤੱਕ ਬ੍ਰਿਟਿਸ਼ ਪਰਿਵਾਰਾਂ ਦਾ ਔਸਤਨ ਸਾਲਾਨਾ ਬਿਜਲੀ-ਗੈਸ ਬਿੱਲ ਵਧ ਕੇ 2,200 ਪਾਊਂਡ (ਕਰੀਬ 2,940 ਡਾਲਰ) ਤੱਕ ਪਹੁੰਚ ਸਕਦਾ ਹੈ।
ਇਸ ਸਥਿਤੀ ਨਾਲ ਨਜਿੱਠਣ ਲਈ ਜਰਮਨੀ ਐਮਰਜੈਂਸੀ ਊਰਜਾ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੀ ਰੱਖਿਆ ਲਈ ਅਗਲੇ 10 ਸਾਲਾਂ ਵਿੱਚ 3 ਅਰਬ ਯੂਰੋ ਤੋਂ ਵੱਧ ਦਾ ਰਾਸ਼ਟਰੀ ਐਮਰਜੈਂਸੀ ਗੈਸ ਭੰਡਾਰ ਫੰਡ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਵਧਦੀ ਲਾਗਤ ਵਿਚਾਲੇ ਜਰਮਨੀ ਦੀ ਵਿਰੋਧੀ ਧਿਰ 'ਅਲਟਰਨੇਟਿਵ ਫਾਰ ਜਰਮਨੀ' (AfD) ਦੀ ਉਪ ਨੇਤਾ ਐਲਿਸ ਵੇਇਡੇਲ ਨੇ ਰੂਸ ਤੋਂ ਡੀਜ਼ਲ ਅਤੇ ਊਰਜਾ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਰੂਸੀ ਵਿਸ਼ੇਸ਼ ਦੂਤ ਕਿਰਿਲ ਦਿਮਿਤਰੀਵ ਦਾ ਕਹਿਣਾ ਹੈ ਕਿ ਆਰਥਿਕ ਸਮੱਸਿਆਵਾਂ ਤੋਂ ਨਿਪਟਣ ਲਈ ਯੂਰਪੀਅਨ ਯੂਨੀਅਨ ਨੂੰ ਅੰਤ 'ਚ ਰੂਸ ਨਾਲ ਸਹਿਯੋਗ ਮੁੜ ਸ਼ੁਰੂ ਕਰਨਾ ਹੀ ਪਵੇਗਾ।
'ਦਲ ਖਾਲਸਾ ਇੰਟਰਨੈਸ਼ਨਲ' ਨੇ ਚੀਨੀ ਅਧਿਕਾਰੀਆਂ ਨੂੰ ਸੌਂਪਿਆ ਕਾਨੂੰਨੀ ਦਸਤਾਵੇਜ਼ ! ਕੀਤੀ ਇਹ ਅਪੀਲ
NEXT STORY