ਕਾਬੁਲ : ਉੱਤਰੀ ਅਤੇ ਪੂਰਬੀ ਅਫ਼ਗਾਨਿਸਤਾਨ ਸਮੇਤ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ 5.8 ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਕੁਦਰਤੀ ਆਫ਼ਤ ਕਾਰਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
'ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ' (USGS) ਅਨੁਸਾਰ, ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਕੁੰਦੂਜ਼ ਸ਼ਹਿਰ ਤੋਂ ਲਗਭਗ 150 ਕਿਲੋਮੀਟਰ ਪੂਰਬ ਵਿੱਚ ਹਿੰਦੂਕੁਸ਼ ਪਹਾੜੀਆਂ ਵਿੱਚ ਸੀ। ਇਹ ਭੂਚਾਲ ਜ਼ਮੀਨ ਤੋਂ ਲਗਭਗ 180 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ, ਜਿਸ ਕਾਰਨ ਇਸ ਦੇ ਝਟਕੇ ਕਾਫ਼ੀ ਦੂਰ ਤੱਕ ਮਹਿਸੂਸ ਕੀਤੇ ਗਏ। ਪਾਕਿਸਤਾਨ ਮੌਸਮ ਵਿਗਿਆਨ ਵਿਭਾਗ ਨੇ ਇਸ ਭੂਚਾਲ ਦੀ ਤੀਬਰਤਾ 6.3 ਦੱਸੀ ਹੈ।
ਪਾਕਿਸਤਾਨ ਦੇ ਰਾਸ਼ਟਰੀ ਭੂਚਾਲ ਨਿਗਰਾਨ ਕੇਂਦਰ (NSMC) ਅਨੁਸਾਰ, ਭੂਚਾਲ ਰਾਤ 9:13 ਵਜੇ ਆਇਆ। ਪਾਕਿਸਤਾਨ ਵਿੱਚ ਇਸਲਾਮਾਬਾਦ, ਪੇਸ਼ਾਵਰ, ਚਿੱਤਰਾਲ, ਸਵਾਤ ਅਤੇ ਸ਼ਾਂਗਲਾ ਵਰਗੇ ਇਲਾਕਿਆਂ ਵਿੱਚ ਲੋਕ ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਉੱਥੇ ਹਾਲੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਹਿੰਦੂਕੁਸ਼ ਪਹਾੜੀ ਖੇਤਰ ਭੂਚਾਲ ਦੇ ਪੱਖੋਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਖੇਤਰ ਵਿੱਚ ਆਏ ਭੂਚਾਲਾਂ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਾਬੁਲ ਦੇ ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਕੈਨੇਡਾ ’ਚ ਵਿਦੇਸ਼ੀ ਦਖ਼ਲ ਜਾਰੀ : ਲੋਕਾਂ ਨੂੰ ਡਰਾਉਣ ਤੇ ਦਬਾਉਣ ਦੇ ਦੋਸ਼
NEXT STORY