ਮੈਲਬੌਰਨ (ਮਨਦੀਪ ਸਿੰਘ ਸੈਣੀ )- ਸਥਾਨਕ ਖਾਲਸਾ ਛਾਉਣੀ ਸਪੋਰਟਸ ਕੰਪਲੈਕਸ ਵਿਖੇ ਖਾਲਸਾ ਛਾਉਣੀ ਸਪੋਰਟਸ ਕਲੱਬ ਦਾ 5ਵਾਂ ਛਿਮਾਹੀ ਇਨਾਮ ਵੰਡ ਸਮਾਗਮ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਨਿਵੇਕਲੀ ਸ਼ਾਮ ਦੌਰਾਨ ਖਿਡਾਰੀਆਂ, ਕੋਚਾਂ, ਮਾਪਿਆਂ ਅਤੇ ਪ੍ਰਮੁੱਖ ਸਹਿਯੋਗੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ।

ਦੱਸਣਯੋਗ ਹੈ ਕਿ ਇਸ ਕਲੱਬ ਦੀ ਸ਼ੁਰੂਆਤ ਕਰੀਬ 3 ਸਾਲ ਪਹਿਲਾਂ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਅਤੇ ਮੌਜੂਦਾ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਆਸਟ੍ਰੇਲੀਆ ਫੇਰੀ ਦੌਰਾਨ ਹੋਈ ਸੀ। ਉਦੋਂ ਤੋਂ ਹੀ ਇਹ ਸੰਸਥਾ ਖੇਡਾਂ ਜ਼ਰੀਏ ਭਾਈਚਾਰੇ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਅਤੇ ਚੰਗੀ ਪਰਵਰਿਸ਼ ਲਈ ਨਿਰੰਤਰ ਕਾਰਜਸ਼ੀਲ ਹੈ। ਸਮਾਗਮ ਦੌਰਾਨ ਬੀਤੇ ਸੀਜ਼ਨ ਦੇ ਬੇਹਤਰੀਨ ਖਿਡਾਰੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਮਾਪਿਆਂ ਨਾਲ ਕਲੱਬ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਦੱਸਿਆ ਗਿਆ ਕਿ ਕਲੱਬ ਦਾ ਘੇਰਾ ਲਗਾਤਾਰ ਵੱਡਾ ਹੋ ਰਿਹਾ ਹੈ, ਜਿਸ ਤਹਿਤ ਪਿਛਲੇ ਸੀਜ਼ਨ ਦੀਆਂ 15 ਟੀਮਾਂ ਦੇ ਮੁਕਾਬਲੇ ਇਸ ਵਾਰ 18 ਟੀਮਾਂ ਮੈਦਾਨ 'ਚ ਉਤਰਨਗੀਆਂ।

ਸਮਾਗਮ 'ਚ ਪਹੁੰਚੇ ਵਿਸ਼ੇਸ਼ ਸ਼ਖ਼ਸੀਅਤਾਂ ਅਤੇ ਸਪਾਂਸਰਾਂ ਦਾ ਕਲੱਬ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹਨਾਂ 'ਚ 'ਔਜ਼ੀ ਵਾਟਰ ਫਿਲਟਰੇਸ਼ਨ' ਤੋਂ ਰਘਬੀਰ ਸਿੰਘ, 'ਸਿੰਘ ਰੂਫਿੰਗ ਸਪਲਾਈਜ਼' ਤੋਂ ਸੁਰਜੀਤ ਸਿੰਘ ਜੋਸਨ ਤੇ ਲਖਵਿੰਦਰ ਸਿੰਘ ਅਤੇ 'ਮੈਲਟਨ ਟੋਯੋਟਾ' ਦੇ ਮੈਨੇਜਰ ਰੇਅ ਪੀਅਰਸਨ ਆਪਣੀ ਟੀਮ ਸਮੇਤ ਸ਼ਾਮਲ ਹੋਏ। ਰੇਅ ਪੀਅਰਸਨ ਨੇ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ 'ਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪਲੰਪਟਨ ਵਿਖੇ ਇੱਕ ਨਵਾਂ 'ਟਰੈਕ ਐਂਡ ਫੀਲਡ ਕੰਪਲੈਕਸ' ਤਿਆਰ ਕੀਤਾ ਜਾਵੇਗਾ ਤਾਂ ਜੋ ਖੇਡ ਗਤੀਵਿਧੀਆਂ ਦਾ ਹੋਰ ਵਿਸਥਾਰ ਕੀਤਾ ਜਾ ਸਕੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਗਿਆਨੀ ਅਵਤਾਰ ਸਿੰਘ ਜੀ, ਪਰਮਿੰਦਰਪਾਲ ਸਿੰਘ ਢਿੱਲੋਂ ਅਤੇ ਰਾਜਬੀਰ ਸਿੰਘ ਕਾਲਕੱਟ ਨੇ ਖਿਡਾਰੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।
ਪੜ੍ਹੋ ਇਹ ਅਹਿਮ ਖ਼ਬਰ- ਗੁੰਮਸ਼ੁਦਾ ਜਵਾਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲਣਗੇ 10 ਲੱਖ ਡਾਲਰ !
ਨਵੇਂ ਸੀਜ਼ਨ ਦੇ ਆਗਾਜ਼ ਲਈ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਅਤੇ ਅਰਦਾਸ ਦੀ ਤਾਰੀਖ਼ ਬਾਰੇ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਦੇ ਅੰਤ 'ਚ ਸਭ ਲਈ ਜਲ-ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ। ਇਸ ਪੂਰੇ ਸਮਾਗਮ ਨੂੰ ਸਫਲ ਬਣਾਉਣ ਅਤੇ ਕਲੱਬ ਦੇ ਰੋਜ਼ਮਰਾ ਦੇ ਕੰਮਕਾਜ 'ਚ ਆਗਿਆਪਾਲ ਸਿੰਘ ਮਾਨ, ਸੁਖਜਿੰਦਰ ਸਿੰਘ, ਪਰਵਿੰਦਰ ਸਿੰਘ, ਹਰਪੁਨੀਤ ਸਿੰਘ ਥਿੰਦ, ਮਨਪ੍ਰੀਤ ਕੌਰ ਮਾਨ, ਮਨਦੀਪ ਕੌਰ ਅਤੇ ਕਲੱਬ ਦੇ ਕਮਿਊਨਿਟੀ ਐਂਗੇਜਮੈਂਟ ਮੈਨੇਜਰ ਕਮਲਜੀਤ ਸਿੰਘ ਜਲੰਧਰ ਵਾਲਿਆਂ ਨੇ ਅਹਿਮ ਭੂਮਿਕਾ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੈਂਡਿੰਗ ਦੌਰਾਨ ਜਹਾਜ਼ ਦਾ ਨਿਕਲਿਆ 'ਟਾਇਰ' ! ਨੇਪਾਲ ਹਵਾਈ ਅੱਡੇ 'ਤੇ ਪਈਆਂ ਭਾਜੜਾਂ
NEXT STORY