ਕਾਠਮੰਡੂ : ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਸ਼ੁੱਕਰਵਾਰ ਨੂੰ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਸੀਪੀਐੱਨ-ਯੂਐੱਮਐੱਲ (CPN-UML) ਦੇ ਸਮਰਥਕਾਂ ਅਤੇ 'ਜੈਨ ਜ਼ੀ' (Gen Z) ਨੌਜਵਾਨਾਂ ਦੇ ਸਮੂਹ ਦਾ ਇੱਕ ਵਾਰ ਫਿਰ ਆਹਮੋ-ਸਾਹਮਣਾ ਹੋਇਆ ਹੈ।
ਕਾਠਮੰਡੂ 'ਚ ਪ੍ਰਦਰਸ਼ਨ ਅਤੇ ਰੈਲੀ
'ਜੈਨ ਜ਼ੀ' ਸਮੂਹ ਦੇ ਦਰਜਨਾਂ ਜ਼ਖਮੀ ਨੌਜਵਾਨਾਂ ਨੇ ਸ਼ੁੱਕਰਵਾਰ ਨੂੰ ਕਾਠਮੰਡੂ ਦੇ ਮਾਇਤੀਘਰ ਮੰਡਲਾ 'ਚ ਸਾਬਕਾ ਪ੍ਰਧਾਨ ਮੰਤਰੀ ਓਲੀ ਦੇ ਖਿਲਾਫ ਧਰਨਾ ਦਿੱਤਾ। ਇਹ ਨੌਜਵਾਨ 8 ਸਤੰਬਰ ਨੂੰ ਹੋਏ ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਖਿਲਾਫ਼ ਕੀਤੀ ਗਈ ਕਾਰਵਾਈ ਲਈ ਓਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਿਸ 'ਚ 76 ਲੋਕ ਮਾਰੇ ਗਏ ਸਨ। ਸ਼ੁੱਕਰਵਾਰ ਦਾ ਇਹ ਪ੍ਰਦਰਸ਼ਨ ਸੀਪੀਐੱਨ-ਯੂਐੱਮਐੱਲ ਦੀ ਇੱਕ ਰੈਲੀ ਤੋਂ ਬਾਅਦ ਹੋਇਆ, ਜੋ ਨੇੜਲੇ ਬਾਨੇਸ਼ਵਰ-ਬਬਰਮਹਲ ਖੇਤਰ 'ਚ ਆਯੋਜਿਤ ਕੀਤੀ ਗਈ ਸੀ। ਓਲੀ ਨੇ ਆਪਣੀ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਦੀ ਸੁਰੱਖਿਆ ਲਈ 'ਨੈਸ਼ਨਲ ਵਲੰਟੀਅਰਜ਼ ਫੋਰਸ' ਦੇ ਗਠਨ ਦਾ ਐਲਾਨ ਕੀਤਾ। ਟਕਰਾਅ ਤੋਂ ਬਚਣ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਵੱਡੀ ਗਿਣਤੀ ਵਿੱਚ ਦੰਗਾ ਰੋਕੂ ਪੁਲਸ ਤਾਇਨਾਤ ਕੀਤੀ ਗਈ ਸੀ, ਕਿਉਂਕਿ ਦੋਵਾਂ ਸਮੂਹਾਂ ਦੇ ਪ੍ਰੋਗਰਾਮ ਲਗਭਗ ਇੱਕੋ ਸਮੇਂ ਤੇ ਇੱਕੋ ਥਾਂ 'ਤੇ ਹੋ ਰਹੇ ਸਨ।
ਬਾਰਾ ਜ਼ਿਲ੍ਹੇ 'ਚ ਕਰਫਿਊ ਤੇ ਗ੍ਰਿਫ਼ਤਾਰੀਆਂ
ਇਸ ਤੋਂ ਇੱਕ ਦਿਨ ਪਹਿਲਾਂ 'ਜੇਨ ਜ਼ੈੱਡ' ਦੇ ਨੌਜਵਾਨਾਂ ਅਤੇ ਓਲੀ ਦੀ ਪਾਰਟੀ ਦੇ ਮੈਂਬਰਾਂ ਵਿਚਕਾਰ ਝੜਪ ਹੋ ਗਈ ਸੀ, ਜਿਸ ਵਿੱਚ 10 ਲੋਕ ਜ਼ਖਮੀ ਹੋ ਗਏ ਸਨ। ਇਸ ਝੜਪ ਤੋਂ ਬਾਅਦ ਤਣਾਅ ਫੈਲਣ ਕਾਰਨ ਅਧਿਕਾਰੀਆਂ ਨੂੰ ਭਾਰਤ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਾਰਾ ਜ਼ਿਲ੍ਹੇ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ ਕਰਫਿਊ ਲਗਾਉਣਾ ਪਿਆ ਸੀ। ਹਾਲਾਂਕਿ, ਸ਼ੁੱਕਰਵਾਰ ਨੂੰ ਕਰਫਿਊ ਹਟਾਉਣ ਤੋਂ ਬਾਅਦ ਬਾਰਾ ਜ਼ਿਲ੍ਹੇ ਵਿੱਚ ਜਨਜੀਵਨ ਆਮ ਵਾਂਗ ਹੋ ਗਿਆ ਹੈ। ਪੁਲਸ ਨੇ ਸੀਪੀਐੱਨ-ਯੂਐੱਮਐੱਲ ਦੇ ਤਿੰਨ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਥਿਤੀ ਕਾਬੂ ਵਿੱਚ ਆਈ। ਇਨ੍ਹਾਂ ਵਰਕਰਾਂ 'ਤੇ ਬੁੱਧਵਾਰ ਨੂੰ ਸਿਮਰਾ ਹਵਾਈ ਅੱਡੇ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ 'ਜੈਨ ਜ਼ੀ' ਨੌਜਵਾਨਾਂ ਦੀ ਕੁੱਟਮਾਰ ਕਰਨ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
ਓਲੀ ਦੀ ਪਾਰਟੀ ਨੌਜਵਾਨਾਂ ਦੇ ਨਿਸ਼ਾਨੇ 'ਤੇ
ਓਲੀ ਦੀ ਅਗਵਾਈ ਵਾਲੀ ਸੀਪੀਐੱਨ-ਯੂਐੱਮਐੱਲ ਇਨ੍ਹੀਂ ਦਿਨੀਂ 'ਜੈਨ ਜ਼ੀ' ਨੌਜਵਾਨਾਂ ਦੇ ਨਿਸ਼ਾਨੇ 'ਤੇ ਹੈ। ਇਹ ਨੌਜਵਾਨ ਉਹ ਹਨ ਜਿਨ੍ਹਾਂ ਦਾ ਜਨਮ 1997 ਤੋਂ 2012 ਦੇ ਵਿਚਕਾਰ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਓਲੀ ਅਤੇ ਪਾਰਟੀ ਦੇ ਨੌਜਵਾਨ ਆਗੂ ਮਹੇਸ਼ ਬਸਨੇਤ ਸਮੇਤ ਕੁਝ ਯੂਐੱਮਐੱਲ ਆਗੂਆਂ ਵੱਲੋਂ 'ਜੈਨ ਜ਼ੀ' ਖ਼ਿਲਾਫ਼ ਕੀਤੀਆਂ ਗਈਆਂ ਹਮਲਾਵਰ ਗਤੀਵਿਧੀਆਂ ਅਤੇ ਦੁਸ਼ਮਣੀ ਵਾਲੀਆਂ ਟਿੱਪਣੀਆਂ ਕਾਰਨ ਇਹ ਸਥਿਤੀ ਪੈਦਾ ਹੋਈ ਹੈ।
ਵਿਰੋਧੀ ਧਿਰ ਦਾ ਰੁਖ਼
ਨੇਪਾਲੀ ਕਾਂਗਰਸ ਅਤੇ ਨੇਪਾਲ ਕਮਿਊਨਿਸਟ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਨੇ 'ਜੈਨ ਜ਼ੀ' ਪ੍ਰਤੀ ਨਰਮ ਰੁਖ਼ ਅਪਣਾਇਆ ਹੈ ਅਤੇ 5 ਮਾਰਚ ਨੂੰ ਆਮ ਚੋਣਾਂ ਕਰਵਾਉਣ ਦਾ ਸਵਾਗਤ ਕੀਤਾ ਹੈ। ਇਸ ਦੇ ਉਲਟ, ਓਲੀ ਦੀ ਪਾਰਟੀ ਆਮ ਚੋਣਾਂ ਦਾ ਵਿਰੋਧ ਕਰ ਰਹੀ ਹੈ ਅਤੇ ਨੇਪਾਲ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੂੰ ਬਹਾਲ ਕਰਨ ਲਈ ਮੁਹਿੰਮ ਚਲਾ ਰਹੀ ਹੈ, ਨਾਲ ਹੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।
ਦੁਬਈ ਏਅਰ ਸ਼ੋਅ 'ਚ ਹਾਦਸਾਗ੍ਰਸਤ ਹੋਏ Tejas Fighter Jet ਦੀ ਕਿੰਨੀ ਹੈ ਕੀਮਤ, ਕਿਹੜੀ ਕੰਪਨੀ ਬਣਾਉਂਦੀ ਹੈ ਇਸਨੂੰ ?
NEXT STORY