ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ 'ਚ ਭਾਰਤੀ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਬੀਤੇ ਦਿਨੀਂ ਓਹਾਇਓ ਸੂਬੇ ਦੇ ਉਦਯੋਗਿਕ ਸ਼ਹਿਰ ਸਿਨਸਿਨਾਟੀ ਵਿਖੇ ਆਪਣੀ ਫੇਰੀ ਦੌਰਾਨ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਅਤੇ ਸੰਗਤ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ।ਰਾਜਦੂਤ ਸੰਧੂ ਨੇ ਭਾਈਚਾਰੇ ਨੂੰ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਨਿਵੇਸ਼ ਦੇ ਮੌਕਿਆਂ ਲਈ ਸੱਦਾ ਦਿੱਤਾ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਵੀਜ਼ਾ ਕੈਂਪ ਲਗਾਉਣ ਲਈ ਉਹ ਪ੍ਰਬੰਧ ਕਰਨਗੇ ਅਤੇ ਕੌਂਸਲੇਟ ਵੱਲੋਂ ਇਸ ਸੰਬੰਧੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
ਟਵੀਟ ਕਰਕੇ ਉਹਨਾਂ ਕਿਹਾ “ਗ੍ਰੇਟਰ ਸਿਨਸਿਨਾਟੀ ਦੇ ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਵਾਹਿਗੁਰੂ ਸਭ ਨੂੰ ਸ਼ਾਂਤੀ, ਸਿਹਤ ਅਤੇ ਖੁਸ਼ੀਆਂ ਬਖਸ਼ਣ“। ਉਹਨਾਂ ਹਿੰਦੂ ਟੈਂਪਲ ਆਫ ਸਿਨਸਿਨਾਟੀ ਵਿਖੇ ਵੀ ਹਾਜ਼ਰੀ ਭਰੀ।ਆਪਣੀ ਫੇਰੀ ਦੋਰਾਨ ਉਹਨਾਂ ਸਿਨਸਿਨਾਟੀ ਦੇ ਮੇਅਰ ਆਫ਼ਤਾਬ ਪੁਰੇਵਾਲ, ਸਿਨਸਿਨਾਟੀ ਬਿਜ਼ਨੈਸ਼ ਕਮੇਟੀ, ਯੂਨੀਵਰਸਿਟੀ ਆਫ ਸਿਨਸਿਨਾਟੀ, ਪ੍ਰੋਕਟਰ ਐਂਡ ਗੈਂਬਲ ਕੰਪਨੀ, ਭਾਰਤ ਦੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਜ਼ ਦੇ ਸਿਨਸਿਨਾਟੀ ਵਿਖੇ ਸਥਿਤ ਦਫਤਰ ਅਤੇ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵੀ ਵੱਖ-ਵੱਖ ਮੀਟਿੰਗਾਂ ਕੀਤੀਆਂ।
ਓਹਾਇਓ ਸੂਬੇ ਦੇ ਦੌਰੇ ਦੀ ਸ਼ੁਰੁਆਤ ਉਹਨਾਂ ਸੂਬੇ ਦੀ ਰਾਜਧਾਨੀ ਕੋਲੰਬਸ ਵਿਖੇ ਵਿਸ਼ਵ ਪ੍ਰਸਿੱਧ ਓਹਾਇਓ ਸਟੇਟ ਯੂਨੀਵਰਸਿਟੀ ਤੋਂ ਕੀਤੀ, ਜਿੱਥੇ ਉਹਨਾਂ ਦੇ ਪਿਤਾ ਸ. ਬਿਸ਼ਨ ਸਿੰਘ ਸਮੁੰਦਰੀ ਨੇ 6 ਦਹਾਕੇ ਪਹਿਲਾਂ ਖੇਤੀਬਾੜੀ ਵਿਭਾਗ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਸੀ। ਜਿਸ ਉਪਰੰਤ ਉਹ ਭਾਰਤ ਵਾਪਸ ਆ ਕੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣੇ। ਜੱਦ 1967 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਹੋਈ ਤਾਂ ਉਹਨਾਂ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਬਨਣ ਦਾ ਮਾਣ ਪ੍ਰਾਪਤ ਹੋਇਆ। ਯੂਨੀਵਰਸਿਟੀ ਵੱਲੋਂ ਰਾਜਦੂਤ ਸੰਧੂ ਨੂੰ ਉਹਨਾਂ ਦੇ ਮਾਤਾ-ਪਿਤਾ ਦੀਆਂ ਯੂਨੀਵਰਸਿਟੀ ਵਿਖੇ ਬਿਤਾਏ ਸਮੇਂ ਦੀਆਂ ਯਾਦਗਾਰੀ ਤਸਵੀਰਾਂ ਵੀ ਭੇਂਟ ਕੀਤੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਉਪ ਰਾਸ਼ਟਰਪਤੀ ਦੀ ਰਿਹਾਇਸ਼ 'ਤੇ ਪਹੁੰਚਾਏ ਗਏ 100 ਤੋਂ ਵਧੇਰੇ ਪ੍ਰਵਾਸੀ
ਟਵਿੱਟਰ 'ਤੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਕੋਲੰਬਸ ਵਿਖੇ ਯੂਨੀਵਰਸਿਟੀ ਦੇ ਪ੍ਰਧਾਨ ਡਾ. ਕ੍ਰਿਸਟੀਨਾ ਜੋਹਨਸਨ ਅਤੇ ਵਿਦਿਆਰਥੀਆਂ ਨੂੰ ਵੀ ਮਿਲੇ, ਜਿੱਥੇ ਉਹਨਾਂ ਭਾਰਤ ਅਤੇ ਅਮਰੀਕਾ ਵਿਚਕਾਰ ਵਿਦਿਅਕ ਸੰਬੰਧਾਂ ਨੂੰ ਅੱਗੇ ਲਿਜਾਣ, ਖੇਤੀਬਾੜੀ, ਸਿਹਤ ਸੇਵਾਵਾਂ, ਆਈਟੀ ਅਤੇ ਉਰਜਾ ਵਰਗੇ ਪ੍ਰਮੁੱਖ ਖੇਤਰਾਂ ਬਾਰੇ ਗੱਲਬਾਤ ਕੀਤੀ।ਓਹਾਇਓ ਤੋਂ ਜਾਰੀ ਇਕ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਮਾਮਲਿਆਂ ਦੇ ਅਮਰੀਕਾ ਵੱਸਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਰਾਜਦੂਤ ਸੰਧੂ ਵਲੋਂ ਅਮਰੀਕਾ ਅਤੇ ਭਾਰਤ ਵਿਚਕਾਰ ਖੇਤੀਬਾੜੀ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਇਹਨਾਂ ਯਤਨਾਂ ਲਈ ਸ਼ਲਾਘਾ ਕੀਤੀ। ਗੁਮਟਾਲਾ ਨੇ ਕਿਹਾ ਕਿ ਇਸ ਨਾਲ ਅਮਰੀਕਾ ਤੋਂ ਖੇਤੀਬਾੜੀ ਸਣੇ ਨਵੇਂ ਉਦਯੋਗ ਅਤੇ ਨਿਵੇਸ਼ ਲਿਆਉਣ ਦੇ ਯਤਨਾਂ ਨਾਲ ਪੰਜਾਬ ਨੂੰ ਵੀ ਆਰਥਿਕ ਲਾਭ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਉਪ ਰਾਸ਼ਟਰਪਤੀ ਦੀ ਰਿਹਾਇਸ਼ 'ਤੇ ਪਹੁੰਚਾਏ ਗਏ 100 ਤੋਂ ਵਧੇਰੇ ਪ੍ਰਵਾਸੀ
NEXT STORY