ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਨਾਈਟ ਕਲੱਬਾਂ ਵਿਚ ਹੋਈ ਗੋਲੀਬਾਰੀ ਨਾਲ ਇੱਕ ਦੀ ਮੌਤ ਅਤੇ 12 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 1:30 ਵਜੇ, ਡੈਲਾਸ ਪੁਲਸ ਨੂੰ ਪ੍ਰਾਈਮ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਦੋਰਾਨ 8 ਵਿਅਕਤੀਆਂ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ।
ਇਸ ਗੋਲੀਬਾਰੀ ਦੇ ਪੀੜਤਾਂ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੇ ਇੱਕ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਕੁੜੀ ਦੀ ਪਛਾਣ ਡੇਜ਼ੀ ਨਵਰਰੇਟ, (21) ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਕਲੱਬ ਵਿਖੇ ਕਿਸੇ ਵਿਅਕਤੀ ਨਾਲ ਬਹਿਸ ਹੋਈ ਸੀ। ਜਦੋਂ ਇੱਕ ਵਿਅਕਤੀ ਨੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਸ਼ੱਕੀ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ। ਡੈਲਾਸ ਅਧਿਕਾਰੀਆਂ ਦੇ ਅਨੁਸਾਰ ਸ਼ੱਕੀ ਵਿਅਕਤੀ ਇਸ ਉਪਰੰਤ ਭੱਜ ਗਿਆ, ਜਿਸਦੀ ਭਾਲ ਲਈ ਫੋਟੋ ਵੀ ਜਾਰੀ ਕੀਤੀ ਗਈ ਹੈ।
ਡੈਲਾਸ ਦੀ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਹਿਊਸਟਨ ਵਿੱਚ ਪੁਲਸ ਅਨੁਸਾਰ ਉੱਤਰੀ ਫ੍ਰੀਵੇਅ ਉੱਤੇ ਇੱਕ ਕਲੱਬ ਵਿੱਚ ਗੋਲੀਬਾਰੀ ਕੀਤੀ ਗਈ, ਜਿਸ ਵਿੱਚ 5 ਲੋਕ ਜ਼ਖਮੀ ਹੋਏ। ਸਾਰੇ ਪੀੜਤ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ। ਪੀੜਤਾਂ ਵਿੱਚ ਇੱਕ ਵਿਅਕਤੀ ਦੀ ਗਰਦਨ ਵਿੱਚ ਗੋਲੀ ਲੱਗੀ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਕਲੱਬ ਦੇ ਅੰਦਰ ਬਹਿਸ ਹੋ ਗਈ ਸੀ ਅਤੇ ਇੱਕ ਵਿਅਕਤੀ ਨੇ ਪਿਸਤੌਲ ਨਾਲ ਗੋਲੀਬਾਰੀ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਅਮਰੀਕਾ : ਸੁਪਰਮਾਰਕੀਟ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ
NEXT STORY