ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੀਆਂ ਫੌਜਾਂ ਦੀ ਅਫ਼ਗਾਨਿਸਤਾਨ ’ਚ ਤਾਇਨਾਤੀ ਦੇ ਵਕਫੇ ਦੌਰਾਨ ਅੱਤਵਾਦੀਆਂ ਨਾਲ ਹੋਈਆਂ ਲੜਾਈਆਂ ’ਚ ਅਫ਼ਗਾਨੀ ਨਾਗਰਿਕਾਂ ਦੀਆਂ ਮੌਤਾਂ ਵੀ ਹੋਈਆਂ ਹਨ। ਇਨ੍ਹਾਂ ਮੌਤਾਂ ਦੇ ਹਰਜਾਨੇ ਵਜੋਂ ਰਿਪੋਰਟਾਂ ਦੇ ਅਨੁਸਾਰ ਯੂ. ਕੇ. ਸਰਕਾਰ ਵੱਲੋਂ ਲੱਖਾਂ ਪੌਂਡ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ। ਇਸ ਸਬੰਧੀ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਯੂ.ਕੇ. ਸਰਕਾਰ ਨੇ ਅਫ਼ਗਾਨਿਸਤਾਨ ’ਚ ਹੋਈਆਂ 289 ਨਾਗਰਿਕਾਂ ਦੀ ਮੌਤ ਲਈ ਮੁਆਵਜ਼ਾ ਅਦਾ ਕੀਤਾ ਹੈ, ਜਿਨ੍ਹਾਂ ’ਚ ਘੱਟੋ-ਘੱਟ 16 ਬੱਚੇ ਵੀ ਸ਼ਾਮਲ ਹਨ। ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਦੇ ਅਨੁਸਾਰ ਬ੍ਰਿਟਿਸ਼ ਫੌਜਾਂ ਦੀ ਸ਼ਮੂਲੀਅਤ ਵਾਲੀਆਂ ਮੌਤਾਂ ਲਈ ਸਰਕਾਰ ਵੱਲੋਂ ਤਕਰੀਬਨ 688,000 ਪੌਂਡ ਮੁਆਵਜ਼ੇ ਵਜੋਂ ਦਿੱਤੇ ਗਏ ਹਨ, ਜੋ ਪ੍ਰਤੀ ਮੌਤ ਔਸਤਨ 2380 ਪੌਂਡ ਬਣਦਾ ਹੈ।
ਇਹ ਖੁਲਾਸਾ ਚੈਰਿਟੀ ਐਕਸ਼ਨ ਆਨ ਆਰਮਡ ਵਾਇਲੈਂਸ (ਏ. ਓ. ਏ. ਵੀ.) ਦੇ ਵਿਸ਼ਲੇਸ਼ਣ ਤੋਂ ਹੋਇਆ ਹੈ ਅਤੇ 2006 ਤੇ 2013 ਦੇ ਵਿਚਕਾਰ 189 ਘਟਨਾਵਾਂ ’ਚ ਹੋਈਆਂ ਮੌਤਾਂ ਨਾਲ ਸਬੰਧਤ ਹੈ। ਇਸ ਅਨੁਸਾਰ 240 ਜ਼ਖ਼ਮੀਆਂ ਲਈ ਵੀ ਲੱਗਭਗ 397,000 ਪੌਂਡ ਅਦਾ ਕੀਤੇ ਗਏ ਹਨ। ਰੱਖਿਆ ਮੰਤਰਾਲੇ (ਐੱਮ. ਓ. ਡੀ.) ਨੇ ਕਿਹਾ ਕਿ ਯੂ.ਕੇ. ਹਮੇਸ਼ਾ ਆਪਣੀਆਂ ਪ੍ਰਕਿਰਿਆਵਾਂ ਰਾਹੀਂ ਨਾਗਰਿਕਾਂ ਦੇ ਜਾਨੀ ਨੁਕਸਾਨ ਦੇ ਜੋਖਮ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਸੀ। ਰਿਪੋਰਟ ਅਨੁਸਾਰ ਜ਼ਿਆਦਾਤਰ ਮੌਤਾਂ ਅਫ਼ਗਾਨਿਸਤਾਨ ਦੇ ਹੇਲਮੰਡ ’ਚ ਹੋਈਆਂ ਹਨ, ਜੋ ਬ੍ਰਿਟੇਨ ਦੀਆਂ ਫੌਜਾਂ ਨਾਲ ਜੁੜੀਆਂ ਲੜਾਈਆਂ ਦੇ ਸਿੱਟੇ ਵਜੋਂ ਸਨ। ਇਨ੍ਹਾਂ ਮੌਤਾਂ ’ਚ ਸਭ ਤੋਂ ਛੋਟੀ ਉਮਰ ’ਚ ਦਰਜ ਕੀਤੀ ਮੌਤ ਤਿੰਨ ਸਾਲਾਂ ਦਾ ਲੜਕਾ ਸੀ, ਜਿਸ ਦੀ ਮੌਤ ਦਸੰਬਰ 2009 ’ਚ ਇੱਕ ਵਿਸਫੋਟਕ ਉਪਕਰਣ ਨੂੰ ਨਸ਼ਟ ਕਰਨ ਦੇ ਆਪਰੇਸ਼ਨ ਦੌਰਾਨ ਹੋਏ ਨਿਯੰਤਰਿਤ ਧਮਾਕੇ ਨਾਲ ਹੋਈ ਸੀ।
ਚੀਨ ਨੇ ਕੀਤੀ ਕਵਾਡ ਦੀ ਆਲੋਚਨਾ, ਕਿਹਾ-ਉਸ ਨੂੰ ਨਹੀਂ ਮਿਲੇਗਾ ਕੋਈ ਸਮਰਥਨ
NEXT STORY