ਇੰਟਰਨੈਸ਼ਨਲ ਡੈਸਕ: ਚੀਨ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 11 ਸਾਲ ਦਾ ਮੁੰਡਾ ਆਪਣੀ ਮਾਂ ਦੀ ਸ਼ਿਕਾਇਤ ਕਰਨ ਲਈ ਆਪਣੀ ਨਾਨੀ ਦੇ ਘਰ ਜਾਣ ਲਈ ਨਿਕਲ ਗਿਆ। ਇਸ ਦੇ ਲਈ ਉਸ ਨੇ 22 ਘੰਟੇ ਸਾਈਕਲ ਚਲਾਇਆ। 130 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨ ਤੋਂ ਬਾਅਦ ਉਹ ਥੱਕ ਗਿਆ ਅਤੇ ਬੇਹੋਸ਼ ਹੋ ਗਿਆ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਉਹ ਸੜਕ 'ਤੇ ਬੇਹੋਸ਼ੀ ਦੀ ਹਾਲਤ ਵਿਚ ਸੀ ਜਦੋਂ ਲੋਕਾਂ ਨੇ ਉਸ ਤੋਂ ਪੁੱਛਗਿੱਛ ਕੀਤੀ। ਅਜਨਬੀਆਂ ਨੂੰ ਸਵਾਲ ਪੁੱਛਦਾ ਦੇਖ ਕੇ ਬੱਚਾ ਘਬਰਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਬੱਚੇ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਕਾਰ ਵਿਚ ਪੁਲਸ ਸਟੇਸ਼ਨ ਲਿਜਾਇਆ ਗਿਆ।
ਪੁਲਸ ਅਧਿਕਾਰੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਹ 22 ਘੰਟਿਆਂ ਤੋਂ ਵੱਧ ਸਮੇਂ ਤੋਂ ਸਾਈਕਲ ਚਲਾ ਰਿਹਾ ਸੀ ਅਤੇ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਹਾਂਗਜ਼ੂ ਵਿਚ ਆਪਣਾ ਘਰ ਛੱਡਣ ਤੋਂ ਬਾਅਦ ਉਸ ਨੇ ਲਗਭਗ 130 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਮੁੰਡੇ ਨੇ ਪੁਲਸ ਨੂੰ ਦੱਸਿਆ ਕਿ ਉਹ ਸੜਕ ਦੇ ਸੰਕੇਤਾਂ ਦੀ ਮਦਦ ਨਾਲ ਸਫ਼ਰ ਕਰ ਰਿਹਾ ਸੀ, ਪਰ ਕਈ ਵਾਰ ਉਸ ਨੂੰ ਉਨ੍ਹਾਂ ਨੂੰ ਸਮਝਣ ਵਿਚ ਮੁਸ਼ਕਲ ਆਉਂਦੀ ਸੀ ਅਤੇ ਫਿਰ ਉਸ ਨੇ ਗ਼ਲਤ ਮੋੜ ਲੈ ਲਿਆ। ਇਸ ਕਾਰਨ ਉਹ ਕਈ ਥਾਵਾਂ 'ਤੇ ਆਪਣਾ ਰਸਤਾ ਭਟਕ ਗਿਆ ਸੀ, ਜਿਸ ਕਾਰਨ ਉਸ ਨੂੰ ਜ਼ਿਆਦਾ ਸਮਾਂ ਲੱਗ ਗਿਆ। ਰਿਪੋਰਟ ਮੁਤਾਬਕ ਉਹ ਆਪਣੀ ਨਾਨੀ ਦੇ ਘਰ ਤੋਂ ਮਹਿਜ਼ ਇਕ ਘੰਟੇ ਦੀ ਦੂਰੀ 'ਤੇ ਸੀ। ਘਟਨਾ 2 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਮੁੰਡੇ ਨੇ ਪੁਲਸ ਨੂੰ ਦੱਸਿਆ ਕਿ ਉਹ ਘਰੋਂ ਬ੍ਰੈੱਡ ਅਤੇ ਪਾਣੀ ਲੈ ਕੇ ਆਇਆ ਸੀ ਅਤੇ ਇਸ ਦੌਰਾਨ ਉਹ ਰਾਤ ਭਰ ਸਾਈਕਲ ਚਲਾਉਂਦਾ ਰਿਹਾ। ਪੁਲਸ ਨੇ ਦੱਸਿਆ ਕਿ ਮੁੰਡੇ ਦਾ ਆਪਣੀ ਮਾਂ ਨਾਲ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਹ ਗੁੱਸੇ 'ਚ ਆ ਗਿਆ ਅਤੇ ਮੇਜਿਆਂਗ 'ਚ ਆਪਣੀ ਨਾਨੀ ਦੇ ਘਰ ਜਾਣ ਲਈ ਹਾਂਗਜ਼ੂ ਸਥਿਤ ਆਪਣਾ ਘਰ ਛੱਡ ਗਿਆ। ਹਾਂਗਜ਼ੂ ਅਤੇ ਮੇਜਿਆਂਗ ਵਿਚਕਾਰ ਦੂਰੀ ਲਗਭਗ 140 ਕਿਲੋਮੀਟਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਨੇ 2005 'ਚ ਪੁਲਸ ਅਧਿਕਾਰੀ ਦੇ ਕਤਲ ਮਾਮਲੇ 'ਚ ਪਾਕਿਸਤਾਨੀ ਵਿਅਕਤੀ ਦੀ ਲਈ ਹਵਾਲਗੀ
ਪੁਲਸ ਨੇ ਦੱਸਿਆ ਕਿ ਇਕ ਐਕਸਪ੍ਰੈੱਸ ਵੇਅ ਤੋਂ ਲੰਘ ਰਹੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਇਕ ਮੁੰਡਾ ਬੇਹੋਸ਼ ਪਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸ ਨੂੰ ਲੱਭਿਆ ਤਾਂ ਮੁੰਡਾ ਬਹੁਤ ਥੱਕਿਆ ਹੋਇਆ ਸੀ। ਉਹ ਖੜ੍ਹਾ ਵੀ ਨਹੀਂ ਸੀ ਹੋ ਸਕਦਾ। ਇਸ ਤੋਂ ਬਾਅਦ ਉਸ ਨੂੰ ਕਾਰ ਰਾਹੀਂ ਥਾਣੇ ਲਿਆਂਦਾ ਗਿਆ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਅਤੇ ਥਾਣੇ ਬੁਲਾਇਆ। ਮੁੰਡੇ ਦੀ ਨਾਨੀ ਵੀ ਥਾਣੇ ਪਹੁੰਚ ਗਈ। ਮੁੰਡੇ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮੁੰਡੇ ਨੇ ਨਾਨੀ ਦੇ ਘਰ ਜਾਣ ਦੀ ਗੱਲ ਕਹੀ ਸੀ ਪਰ ਉਸ ਨੂੰ ਲੱਗਾ ਕਿ ਉਹ ਸਿਰਫ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ, ਅਸੀਂ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ ਨੇ 2005 'ਚ ਪੁਲਸ ਅਧਿਕਾਰੀ ਦੇ ਕਤਲ ਮਾਮਲੇ 'ਚ ਪਾਕਿਸਤਾਨੀ ਵਿਅਕਤੀ ਦੀ ਲਈ ਹਵਾਲਗੀ
NEXT STORY